ਕੈਨੇਡਾ : ਅਮਰੀਕਾ ਅਤੇ ਕੈਨੇਡਾ ਦੇ ਰਿਸ਼ਤਿਆਂ ‘ਚ ਤਣਾਅ ਹੁਣ ਸਾਫ ਨਜ਼ਰ ਆ ਰਿਹਾ ਹੈ। ਵਪਾਰ ਯੁੱਧ ਨਾਲ ਸ਼ੁਰੂ ਹੋਈ ਇਹ ਲੜਾਈ ਹੁਣ ਕੂਟਨੀਤਕ ਸਬੰਧਾਂ ਤੱਕ ਪਹੁੰਚ ਗਈ ਹੈ। ਜਿਵੇਂ ਹੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਨੇ ਅਹੁਦਾ ਸੰਭਾਲਿਆ, ਉਨ੍ਹਾਂ ਨੇ ਸੰਕੇਤ ਦਿੱਤਾ ਕਿ ਉਹ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਸਬੰਧ ਸੁਧਾਰਨ ਵਿੱਚ ਦਿਲਚਸਪੀ ਨਹੀਂ ਰੱਖਦੇ ਹਨ। ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੀਤੇ ਦਿਨ ਪਰੰਪਰਾ ਨੂੰ ਤੋੜਦਿਆਂ ਦੇਸ਼ ਦੇ ਨੇਤਾ ਵਜੋਂ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਅਮਰੀਕਾ ਦੀ ਬਜਾਏ ਯੂਰਪ ਦਾ ਦੌਰਾ ਕੀਤਾ।
ਉਹ ਅਮਰੀਕਾ ਨਹੀਂ ਗਏ ਹਨ ਪਰ ਫਰਾਂਸ ਅਤੇ ਬ੍ਰਿਟੇਨ ਪਹੁੰਚੇ ਹਨ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕਾਰਨੀ ਦਾ ਪੈਰਿਸ ਵਿੱਚ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸਵਾਗਤ ਕੀਤਾ, ਫਿਰ ਲੰਡਨ ਲਈ ਉਡਾਣ ਭਰੀ ਜਿੱਥੇ ਉਨ੍ਹਾਂ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਮੁਲਾਕਾਤ ਕੀਤੀ ਅਤੇ ਬ੍ਰਿਟੇਨ ਅਤੇ ਕੈਨੇਡਾ ਦੋਵਾਂ ਦੇ ਰਾਜ ਮੁਖੀ ਰਾਜਾ ਚਾਰਲਸ ਤੀਜੇ ਨਾਲ ਨਿੱਜੀ ਮੀਟਿੰਗਾਂ ਕੀਤੀਆਂ।
ਫ੍ਰੈਂਚ ਵਿੱਚ ਬੋਲਣ ਲੱਗੇ ਕਾਰਨੀ
ਕਾਰਨੀ ਨੇ ਐਲੀਸੀ ਪੈਲੇਸ ਵਿੱਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਅੰਗਰੇਜ਼ੀ ਵਿੱਚ ਬੋਲਦੇ-ਬੋਲਦੇ ਫ੍ਰੈਂਚ ਵਿੱਚ ਬੋਲਣਾ ਸ਼ੁਰੂ ਕੀਤਾ,ਜਿਸ ਨਾਲ ਉਨ੍ਹਾਂ ਨੇ ਲੋਕਾਂ ਨੂੰ ਫਰਾਂਸ ਪ੍ਰਤੀ ਆਪਣਾ ਪਿਆਰ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ।ਕਾਰਨੀ ਨੇ ਮੈਕਰੋਨ ਨੂੰ ਕਿਹਾ ,” ਕੈਨੇਡਾ ਗੈਰ-ਯੂਰਪੀਅਨ ਦੇਸ਼ਾਂ ਵਿੱਚ ਸਭ ਤੋਂ ਵੱਧ ਯੂਰਪੀਅਨ ਹਨ ” ਇਸ ਦੇ ਨਾਲ ਹੀ ਉਨ੍ਹਾਂ ਨੇ ਵਾਅਦਾ ਕੀਤਾ ਕਿ ਕੈਨੇਡਾ ਪੇਰਿਸ ਦੇ ਲਈ ਇਕ ਭਰੋਸੇਮੰਦ ਅਤੇ ਮਜ਼ਬੂਤ ਭਾਈਵਾਲ ਸਾਬਤ ਹੋਵੇਗਾ। ਇਸ ਦੇ ਨਾਲ ਹੀ , ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਫਰਾਂਸ ਅਤੇ ਯੂਰਪ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਲਈ ਕੈਨੇਡਾ ਦੀ ਸ਼ਲਾਘਾ ਕਰਦਿਆਂ ਕਾਰਨੀ ਬਾਰੇ ਕਿਹਾ, “ਅਸੀਂ ਇੱਕ ਦੋਸਤ ਦਾ ਸਵਾਗਤ ਕਰਦੇ ਹਾਂ ਅਤੇ ਅਸੀਂ ਬਹੁਤ ਖੁਸ਼ੀ ਨਾਲ ਤੁਹਾਡਾ ਸਵਾਗਤ ਕਰਦੇ ਹਾਂ।
ਅਮਰੀਕਾ ਤੋਂ ਖਟਾਸ ਦੇ ਵਿਚਕਾਰ ਯੂਰਪ ਵਿੱਚ ਸਵਾਗਤ
ਯੂਰਪ ਵਿਚ ਕਾਰਨੀ ਦਾ ਸੁਖਾਵਾਂ ਸਵਾਗਤ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕਾ ਨਾਲ ਕੈਨੇਡਾ ਦੇ ਸਬੰਧ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਹਨ, ਜਿਸ ਕਾਰਨ ਕੈਨੇਡਾ ਨੂੰ ਆਪਣੇ ਗੱਠਜੋੜਾਂ ਨੂੰ ਨਵਾਂ ਰੂਪ ਦੇਣ ਅਤੇ ਅਮਰੀਕਾ ਤੋਂ ਇਲਾਵਾ ਹੋਰ ਵਿਕਲਪਾਂ ਦੀ ਭਾਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਯੂਕਰੇਨ ਯੁੱਧ ‘ਚ ਟਰੰਪ ਦੇ ਪਲਟਣ ਅਤੇ ਰੂਸ ਵੱਲ ਝੁਕਣ ਨਾਲ ਪੂਰੇ ਯੂਰਪ ‘ਚ ਚਿੰਤਾ ਪੈਦਾ ਹੋ ਗਈ ਹੈ ਅਤੇ ਉਹ ਇਸ ਗੱਲ ‘ਤੇ ਵਿਚਾਰ ਕਰ ਰਹੇ ਹਨ ਕਿ ਅਮਰੀਕਾ ਦੀ ਭਾਈਵਾਲੀ ਕਿੰਨੀ ਭਰੋਸੇਯੋਗ ਹੈ।