ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਤੋਂ ਕਈ ਅਧਿਕਾਰੀਆਂ ਤਬਾਦਲੇ ਕਰਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਨਵੇਂ ਜੱਥੇਦਾਰ ਦੀ ਨਿਯੁਕਤੀ ਤੋਂ ਬਾਅਦ SGPC ਵੱਲੋਂ ਵੱਡਾ ਐਕਸ਼ਨ ਲੈਂਦੇ ਹੋਏ ਕਈ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਸਾਬਕਾ ਜੱਥੇਦਾਰ ਦੇ ਪੀਏ ਰਹੇ ਜਸਪਾਲ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਅੰਤ੍ਰਿੰਗ ਕਮੇਟੀ ਦੀ ਬੀਤੀ 7 ਮਾਰਚ ਨੂੰ ਹੋਈ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਅਨੁਸਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਗਈ ਹੈ। ਭਾਵੇਂ ਇਸ ਸੇਵਾ ਸੰਭਾਲ ਅਤੇ ਨਿਯੁਕਤੀ ਨੂੰ ਲੈ ਕੇ ਨਿੱਤ ਨਵੇਂ ਵਿਵਾਦ ਜਨਮ ਲੈ ਰਹੇ ਹਨ। ਪਰ ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਇਸਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੈਨੇਜਰ ਜਸਪਾਲ ਸਿੰਘ ਅਤੇ ਅਧਿਕਾਰੀ ਗੁਰਵੇਲ ਸਿੰਘ ਦੋਵਾਂ ਅਧਿਕਾਰੀਆਂ ਦੀਆਂ ਬਦਲੀਆ ਕਰ ਦਿੱਤੀਆ ਗਈਆ ਹਨ ।
ਜਸਪਾਲ ਸਿੰਘ ਹੁਣ ਸ੍ਰੀ ਦਰਬਾਰ ਸਾਹਿਬ ਦੇ ਪਰਬੰਧਾ ਵਿਚ ਮੈਨੇਜਰ ਵਜੋਂ ਡਿਊਟੀ ਨਿਭਾਣਗੇ, ਜਦ ਕਿ ਗੁਰਵੇਲ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਅਕਾਊਂਟ ਬਰਾਂਚ ਦੇ ਵਿੱਚ ਤੈਨਾਤ ਕੀਤੇ ਗਏ ਹਨ। ਜਸਪਾਲ ਸਿੰਘ ਦੀ ਥਾਂ ‘ਤੇ ਸਿੱਖ ਰੈਫਰੈਂਸ ਲਾਇਬਰੇਰੀ ਦੇ ਇੰਚਾਰਜ ਬਗੀਚਾ ਸਿੰਘ ਨੂੰ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਿਯੁਕਤ ਕੀਤਾ ਗਿਆ ਹੈ। ਜਸਪਾਲ ਸਿੰਘ ਅਤੇ ਅਧਿਕਾਰੀ -ਗੁਰਵੇਲ ਸਿੰਘ ਦੋਨਾਂ ਦੀਆਂ ਤੁਰੰਤ ਪ੍ਰਭਾਵ ਦੇ ਨਾਲ ਅੱਜ ਬਦਲੀਆਂ ਕਰ ਦਿੱਤੀਆਂ ਗਈਆਂ ਹਨ।