ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਇੱਕ ਨਵੇਂ ਵਿਵਾਦ ਵਿੱਚ ਫਸ ਗਏ ਹਨ। ਦਰਅਸਲ, ਜ਼ਿਲ੍ਹੇ ਦੇ ਪਿੰਡ ਜੁਗਲਾਂ ਦੇ ਕੁਲਦੀਪ ਨੇ ਐਸ.ਪੀ ਦਫ਼ਤਰ ਵਿੱਚ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਕੁਲਦੀਪ ਨੇ ਦੋਸ਼ ਲਾਇਆ ਹੈ ਕਿ ਜੈਸਮੀਨ ਨੇ ਆਪਣੇ ਗਾਣੇ ‘ਚ ਗੰਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜਿਸ ਨਾਲ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ । ਕੁਲਦੀਪ ਨੇ ਕਿਹਾ ਕਿ ਉਹ ਘਰ ਵਿੱਚ ਆਪਣੇ ਪਰਿਵਾਰ ਨਾਲ ਆਪਣੇ ਮੋਬਾਈਲ ਫੋਨ ‘ਤੇ ਰੀਲ ਦੇਖ ਰਿਹਾ ਸੀ ਜਦੋਂ ਉਸਨੇ ਜੈਸਮੀਨ ਦੇ ਗਾਣੇ ਵਿੱਚ ਵਿਵਾਦਪੂਰਨ ਸ਼ਬਦ ਸੁਣੇ। ਇਸ ਗੀਤ ‘ਚ ਪੈਸੇ ਅਤੇ ਪ੍ਰਸਿੱਧੀ ਤੋਂ ਬਾਅਦ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ, ਜਿਸ ਦਾ ਸਮਾਜ ‘ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਕੁਲਦੀਪ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜੈਸਮੀਨ ਦੇ ਖ਼ਿਲਾਫ਼ ਗਾਣੇ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਹੈ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਕ ਵਕੀਲ ਨੇ ਵੀ ਜੈਸਮੀਨ ਖ਼ਿਲਾਫ਼ ਜਲੰਧਰ ਕਮਿਸ਼ਨਰੇਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਗਾਇਕਾ ਨੇ ਆਪਣੇ ਗਾਣੇ ਵਿੱਚ ਗਲਤ ਸ਼ਬਦਾਵਲੀ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਸੀ।