Sports News : ਭਾਰਤੀ ਟੇਬਲ ਟੈਨਿਸ ਦੇ ਮਹਾਨ ਖਿਡਾਰੀ ਅਚੰਤ ਸ਼ਰਤ ਕਮਲ ਨੇ ਅੱਜ ਐਲਾਨ ਕੀਤਾ ਕਿ ਇਸ ਮਹੀਨੇ ਦੇ ਅੰਤ ਵਿੱਚ ਚੇਨਈ ਵਿੱਚ ਹੋਣ ਵਾਲਾ ਡਬਲਯੂ.ਟੀ.ਟੀ. ਕੰਟੈਂਡਰ ਟੂਰਨਾਮੈਂਟ ਇੱਕ ਪੇਸ਼ੇਵਰ ਖਿਡਾਰੀ ਦੇ ਰੂਪ ਵਿੱਚ ਉਨ੍ਹਾਂ ਦਾ ਆਖ਼ਰੀ ਟੂਰਨਾਮੈਂਟ ਹੋਵੇਗਾ। ਵਿਸ਼ਵ ਟੇਬਲ ਟੈਨਿਸ ਟੂਰਨਾਮੈਂਟ 25 ਤੋਂ 30 ਮਾਰਚ ਤੱਕ ਖੇਡਿਆ ਜਾਵੇਗਾ।
42 ਸਾਲਾ ਸ਼ਰਤ ਕਮਲ ਨੇ ਕਿਹਾ, “ਮੈਂ ਆਪਣਾ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਚੇਨਈ ਵਿੱਚ ਖੇਡਿਆ ਸੀ ਅਤੇ ਮੈਂ ਆਪਣਾ ਆਖ਼ਰੀ ਟੂਰਨਾਮੈਂਟ ਵੀ ਚੇਨਈ ਵਿੱਚ ਖੇਡਾਂਗਾ। ਇਹ ਇੱਕ ਪੇਸ਼ੇਵਰ ਖਿਡਾਰੀ ਦੇ ਤੌਰ ‘ਤੇ ਮੇਰਾ ਆਖਰੀ ਟੂਰਨਾਮੈਂਟ ਹੋਵੇਗਾ। ਸ਼ਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਸੱਤ ਸੋਨੇ ਦੇ ਤਗ਼ਮੇ ਅਤੇ ਏਸ਼ੀਆਈ ਖੇਡਾਂ ਵਿੱਚ ਦੋ ਕਾਂਸੀ ਦੇ ਤਗ਼ਮੇ ਜਿੱਤੇ ਹਨ।
ਪਿਛਲੇ ਸਾਲ ਪੈਰਿਸ ਵਿੱਚ ਆਪਣਾ 5ਵਾਂ ਅਤੇ ਆਖ਼ਰੀ ਓਲੰਪਿਕ ਖੇਡਣ ਵਾਲੇ ਇਸ ਤਜਰਬੇਕਾਰ ਖਿਡਾਰੀ ਨੇ ਕਿਹਾ, “ਮੈਂ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਵਿੱਚ ਤਗ਼ਮੇ ਜਿੱਤੇ ਹਨ। ਮੈਂ ਓਲੰਪਿਕ ਤਗ਼ਮਾ ਨਹੀਂ ਜਿੱਤ ਸਕਿਆ।” ਉਨ੍ਹਾਂ ਨੇ ਕਿਹਾ, “ਉਮੀਦ ਹੈ ਕਿ, ਮੈਂ ਆਉਣ ਵਾਲੀਆਂ ਨੌਜ਼ਵਾਨ ਪ੍ਰਤਿਭਾਵਾਂ ਰਾਹੀਂ ਆਪਣਾ ਸੁਪਨਾ ਪੂਰਾ ਕਰਨ ਦੇ ਯੋਗ ਹੋਵਾਂਗਾ।”