ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਪਟਿਆਲਾ ਜ਼ਿਲ੍ਹੇ ਅੰਦਰ ਹੁਣ ਤੱਕ E-Shram Scheme ਅਧੀਨ 4 ਲੱਖ 76 ਹਜ਼ਾਰ 160 ਵਰਕਰ ਰਜਿਸਟਰਡ ਹੋਏ ਹਨ। ਡਿਪਟੀ ਕਮਿਸ਼ਨਰ ਨੇ ਪਟਿਆਲਾ ਜ਼ਿਲ੍ਹੇ ਅੰਦਰ ਹੋਰ ਯੋਗ ਕਿਰਤੀਆਂ, ਜਿਹੜੇ ਕਿ ਅਸੰਗਠਿਤ ਹਨ, ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਲਈ ਕਿਰਤ ਵਿਭਾਗ ਨੂੰ E-Shram ਰਜਿਸਟ੍ਰੇਸ਼ਨ ਦੇ ਕੈਂਪ ਲਗਾਉਣ ਦੀ ਹਦਾਇਤ ਕੀਤੀ ਹੈ। ਡਾ. ਪ੍ਰੀਤੀ ਯਾਦਵ ਨੇ ਅੱਜ ਇੱਥੇ ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰਾਲੇ ਦੀ ਇਸ ਅਹਿਮ ਸਕੀਮ ਈ-ਸ਼੍ਰਮ ਦਾ ਜਾਇਜ਼ਾ ਲੈਂਦਿਆਂ ਸਹਾਇਕ ਕਿਰਤ ਕਮਿਸ਼ਨਰ ਜਸਬੀਰ ਸਿੰਘ ਖਰੌੜ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦਾ ਕੋਈ ਵੀ ਯੋਗ ਲਾਭਪਾਤਰੀ ਕਿਰਤੀ ਇਸ ਸਕੀਮ ਦਾ ਲਾਭ ਲੈਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਇੱਕ ਅਜਿਹੀ ਸਕੀਮ ਹੈ, ਜੋਕਿ ਅਸੰਗਠਿਤ ਕਿਰਤੀਆਂ ਦੀ ਭਲਾਈ ਲਈ ਬਣਾਈ ਗਈ ਹੈ, ਇਸ ਲਈ ਉਨ੍ਹਾਂ ਨੂੰ ਪੈਨਸ਼ਨ, ਦੁਰਘਟਨਾ ਬੀਮਾ, ਵਿਕਲਾਂਗਤਾ ਬੀਮਾ, ਹੁਨਰ ਵਿਕਾਸ ਟ੍ਰੇਨਿੰਗ ਤੇ ਸਮਾਜਿਕ ਸੁਰੱਖਿਆ ਸਕੀਮਾਂ ਦੇ ਲਾਭ ਦੇਣ ਲਈ ਅਹਿਮ ਹੈ। ਡਾ. ਪ੍ਰੀਤੀ ਯਾਦਵ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪਿਛਲੇ ਦਿਨਾਂ ਅੰਦਰ ਸੈਲਫ਼ ਰਜਿਸਟ੍ਰੇਸ਼ਨ ਮੋਬਾਇਲ ਰਾਹੀਂ ਅਤੇ ਸੀ.ਐਚ.ਸੀ. ਤੇ ਸੇਵਾ ਕੇਂਦਰਾਂ ਰਾਹੀਂ ਸਪੈਸ਼ਲ ਮੁਹਿੰਮ ਚਲਾਕੇ 4514 ਵਰਕਰ ਹੋਰ ਰਜਿਸਟਰਡ ਕਰਵਾਏ ਗਏ ਹਨ।
ਉਨ੍ਹਾਂ ਹੋਰ ਕਿਹਾ ਕਿ E-Shram ਅਧੀਨ ਅਨ ਆਰਗੇਨਾਈਜਡ ਵਰਕਰ, ਸਪੈਸ਼ਲ ਹੈਲਪ ਗਰੁੱਪ ਮੈਂਬਰਜ (ਨੈਸ਼ਨਲ ਰੂਰਲ ਨੈਸ਼ਨਲ ਅਰਬਨ ਲਾਇਵਲੀਹੁਡ ਮਿਸ਼ਨ), ਸਟਰੀਟ ਵੈਂਡਰਜ਼, ਰਿਕਸ਼ਾ ਚਾਲਕ, ਉਸਾਰੀ ਕਿਰਤੀ, ਨੈਸ਼ਨਲ ਹੈਲਥ ਮਿਸ਼ਨ, ਸਰਵ ਸਿੱਖਿਆ ਅਭਿਆਨ, ਮਿਡ ਡੇ ਮੀਲ ਵਰਕਰਜ, ਘਰੇਲੂ ਨੌਕਰ, ਆਸ਼ਾ ਵਰਕਰ, ਆਂਗਣਵਾੜੀ ਵਰਕਰਜ਼, ਖੇਤੀਬਾੜੀ ਲੇਬਰ, ਫ਼ਿਸ਼ਰਮੈਨ ਅਤੇ ਭੱਠਾ ਵਰਕਰਜ਼ ਵੀ ਰਜਿਸਟਰਡ ਹੋ ਸਕਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਤੁਹਾਡੇ ਨੇੜੇ ਜਾਂ ਆਲੇ-ਦੁਆਲੇ ਅਜਿਹਾ ਕੋਈ ਕਿਰਤੀ ਹੈ, ਜੋ ਅਜੇ ਇਸ ਸਕੀਮ ਤੋਂ ਵਾਂਝਾ ਹੈ, ਉਸਨੂੰ E-Shram Scheme ਤਹਿਤ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਉਸਦੀ ਮਦਦ ਕੀਤੀ ਜਾਵੇ।