ਚੰਡੀਗੜ੍ਹ : ਪੰਜਾਬ ਭਰ ਦੇ ਮਾਲ ਅਧਿਕਾਰੀਆਂ ਵੱੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਕਾਰਨ ਤਹਿਸੀਲਾਂ ‘ਚ ਕੰਮ ਕਾਜ ਠੱਪ ਹੋ ਗਿਆ ਹੈ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਸੀ.ਐਮ. ਮਾਨ ਨੇ ਸਖ਼ਤ ਰੁਖ ਅਪਣਾਇਆ ਹੈ ਅਤੇ ਹੜਤਾਲੀ ਤਹਿਸੀਲਦਾਰਾਂ ਨੂੰ ਚੇਤਾਵਨੀ ਦਿੱਤੀ ਹੈ।
ਇਸ ਸਬੰਧੀ ਮੁੱਖ ਮੰਤਰੀ ਮਾਨ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ ਹੈ ਕਿ ਤਹਿਸੀਲਦਾਰ ਆਪਣੇ ਭ੍ਰਿਸ਼ਟ ਸਾਥੀਆਂ ਦੇ ਹੱਕ ਵਿੱਚ ਹੜਤਾਲ ‘ਤੇ ਹਨ ਪਰ ਸਾਡੀ ਸਰਕਾਰ ਰਿਸ਼ਵਤਖੋਰੀ ਦੇ ਸਖ਼ਤ ਵਿਰੁੱਧ ਹੈ। ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਰੋਕਣ ਲਈ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਲੋਕਾਂ ਦਾ ਕੰਮ ਕਾਜ ਨਾ ਰੁਕੇ। ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਦੀਆਂ ਮੁਬਾਰਕਾਂ… ਪਰ ਛੁੱਟੀ ਤੋਂ ਬਾਅਦ ਕਿੱਥੇ ਜਵਾਇੰਨ ਕਰਨਾ ਹੈ ਇਹ ਲੋਕ ਫ਼ੈਸਲਾ ਕਰਨਗੇ। ‘
ਜ਼ਿਕਰਯੋਗ ਹੈ ਕਿ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਕੁਝ ਦਿਨ ਪਹਿਲਾਂ ਵਿਜੀਲੈਂਸ ਵੱਲੋਂ ਤਹਿਸੀਲਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਕਾਰਨ ਪੰਜਾਬ ਭਰ ਦੇ ਮਾਲ ਅਧਿਕਾਰੀਆਂ ਨੇ ਹੜਤਾਲ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਤਹਿਸੀਲਦਾਰ ਜਗਸੀਰ ਸਿੰਘ, ਰਜਿਸਟਰੀ ਕਲਰਕ ਗੋਪਾਲ ਕ੍ਰਿਸ਼ਨ ਅਤੇ ਹੋਰ ਸਰਕਾਰੀ ਕਰਮਚਾਰੀਆਂ ਵਿਰੁੱਧ ਕੇਸ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਹੜਤਾਲ ਜਾਰੀ ਰਹੇਗੀ।