ਝਾਰਖੰਡ : ਠੰਢ ਅਤੇ ਸ਼ੀਤ ਲਹਿਰ ਦੇ ਪ੍ਰਭਾਵ ਕਾਰਨ, ਝਾਰਖੰਡ ਸਰਕਾਰ ਨੇ ਸਾਰੇ ਸਕੂਲ 6 ਤੋਂ 8 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਸਰਕਾਰ ਦੇ ਅਪਰ ਸਕੱਤਰ ਦੁਆਰਾ ਜਾਰੀ ਕੀਤੀ ਪ੍ਰੈਸ ਰਿਲੀਜ਼ ਵਿੱਚ ਲਿਖਿਆ ਗਿਆ ਹੈ, ਠੰਡੀ ਲਹਿਰ ਅਤੇ ਠੰਢ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਰਾਜ ਵਿੱਚ ਚੱਲ ਰਹੇ ਸਾਰੇ ਕਿਸਮ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ, ਨਿੱਜੀ ਸਕੂਲਾਂ ਵਿੱਚ 6 ਤੋਂ 8 ਜਨਵਰੀ ਤੱਕ ਪ੍ਰੀ ਨਰਸਰੀ ਤੋਂ ਕਲਾਸ 12 ਤੱਕ ਦੀਆਂ ਕਲਾਸਾਂ ਬੰਦ ਰਹਿਣਗੀਆਂ।
ਅਧਿਆਪਕਾਂ ਨੂੰ ਜਾਣਾ ਪਵੇਗਾ ਸਕੂਲ
ਸਰਕਾਰੀ ਆਦੇਸ਼ ਅਨੁਸਾਰ, ਸਕੂਲ ਸਿਰਫ਼ ਬੱਚਿਆਂ ਲਈ ਬੰਦ ਰਹਿਣਗੇ। ਇਸ ਸਮੇਂ ਦੌਰਾਨ ਅਧਿਆਪਕ ਅਤੇ ਗੈਰ-ਅਧਿਆਪਨ ਸਟਾਫ਼ ਸਕੂਲ ਜਾਣਗੇ। ਜੇਕਰ ਇਸ ਸਮੇਂ ਦੌਰਾਨ ਸਕੂਲਾਂ ਵਿੱਚ ਪ੍ਰੀ-ਬੋਰਡ ਪ੍ਰੀਖਿਆਵਾਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ, ਤਾਂ ਸਮਰੱਥ ਅਧਿਕਾਰੀ ਆਪਣੀ ਮਰਜ਼ੀ ਨਾਲ ਪ੍ਰੀਖਿਆਵਾਂ ਕਰਵਾਉਣ ਦਾ ਫੈਸਲਾ ਕਰ ਸਕਦਾ ਹੈ।
ਲੋਹਰਦਗਾ ਵਿੱਚ ਸਭ ਤੋਂ ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ
ਮੌਸਮ ਵਿਭਾਗ ਦੇ ਅਨੁਸਾਰ, ਲੋਹਰਦਗਾ ਵਿੱਚ ਰਾਜ ਦਾ ਸਭ ਤੋਂ ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਗੁਮਲਾ ਵਿੱਚ 4.1 ਡਿਗਰੀ ਸੈਲਸੀਅਸ ਅਤੇ ਲਾਤੇਹਰ ਵਿੱਚ 5.6 ਡਿਗਰੀ ਸੈਲਸੀਅਸ ਤਾਪਮਾਨ ਰਿਹਾ।
ਉੱਤਰ-ਪੱਛਮੀ ਹਵਾਵਾਂ ਦੇ ਚੱਲਣ ਦੇ ਕਾਰਨ ਪਾਰੇ ਵਿੱਚ ਗਿਰਾਵਟ
ਰਾਂਚੀ ਮੌਸਮ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਅਭਿਸ਼ੇਕ ਆਨੰਦ ਨੇ ਕਿਹਾ ਕਿ ਟ੍ਰੋਪੋਸਫੀਅਰ ਦੇ ਹੇਠਲੇ ਪੱਧਰਾਂ ‘ਤੇ ਉੱਤਰ-ਪੱਛਮੀ ਹਵਾਵਾਂ ਚੱਲਣ ਕਾਰਨ ਪਾਰਾ ਡਿੱਗਿਆ। ਰਾਜ ਦੀ ਰਾਜਧਾਨੀ ਰਾਂਚੀ ਵਿੱਚ ਘੱਟੋ-ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਝਾਰਖੰਡ ਦੇ ਹੋਰ ਜ਼ਿਲ੍ਹੇ ਜਿੱਥੇ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਘੱਟ ਰਿਹਾ, ਉਨ੍ਹਾਂ ਵਿੱਚ ਬੋਕਾਰੋ, ਕੋਡਰਮਾ, ਹਜ਼ਾਰੀਬਾਗ, ਖੁੰਟੀ, ਸਿਮਡੇਗਾ ਅਤੇ ਪਲਾਮੂ ਸ਼ਾਮਲ ਹਨ।











