ਮੁੰਬਈ : ਟੀ.ਵੀ. ਦੇ ਮਸ਼ਹੂਰ ਕਪਲ ਜੈ ਭਾਨੁਸ਼ਾਲੀ ਅਤੇ ਮਾਹੀ ਵਿਜ ਦਾ ਆਖਰਕਾਰ ਤਲਾਕ ਹੋ ਗਿਆ ਹੈ। ਜੇ ਭਾਨੁਸ਼ਾਲੀ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕਰਕੇ ਫਾਇਨਲੀ ਤਲਾਕ ਕਨਫਰਮ ਕੀਤਾ ਹੈ। ਦੋਵਾਂ ਦੇ ਵੱਖ ਹੋਣ ਦੀਆਂ ਖਬਰਾਂ ਲੰਬੇ ਸਮੇਂ ਤੋਂ ਸੁਰਖੀਆਂ ‘ਚ ਸਨ, ਹੁਣ ਫਾਇਨਲੀ ਜੇ ਨੇ ਇਨ੍ਹਾਂ ਖਬਰਾਂ ‘ਤੇ ਚੁੱਪੀ ਤੋੜਦਿਆਂ ਮਾਹੀ ਵਿਜ਼ ਨਾਲ ਆਪਣੇ ਤਲਾਕ ‘ਤੇ ਮੋਹਰ ਲਾ ਦਿੱਤੀ ਹੈ। ਮਾਹੀ ਅਤੇ ਜੇ ਦੀ 14 ਸਾਲ ਪੁਰਾਣੀ ਸ਼ਾਦੀ ਟੁੱਟ ਗਈ ਹੈ। ਜੈ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਸਾਡੇ ਰਿਸ਼ਤੇ ਵਿੱਚ ਕੋਈ ਵਿਲਨ ਨਹੀਂ ਹੈ।
ਪੋਸਟ ਵਿੱਚ ਕੀ ਲਿਖਿਆ?
ਜੈ ਭਾਨੁਸ਼ਾਲੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਲੰਬਾ-ਚੌੜਾ ਪੋਸਟ ਸਾਂਝਾ ਕੀਤਾ ਹੈ। ਅਦਾਕਾਰ ਨੇ ਪੋਸਟ ਵਿੱਚ ਲਿਖਿਆ, “ਅੱਜ ਅਸੀਂ ਜ਼ਿੰਦਗੀ ਦੇ ਇਸ ਸਫ਼ਰ ਵਿੱਚ ਅਲੱਗ-ਅਲੱਗ ਰਸਤੇ ਚੁਣਨ ਦਾ ਫੈਸਲਾ ਕਰ ਰਹੇ ਹਾਂ, ਪਰ ਅਸੀਂ ਹਮੇਸ਼ਾ ਇੱਕ ਦੂਜੇ ਦੇ ਨਾਲ ਰਹਾਂਗੇ। ਸ਼ਾਂਤੀ, ਅੱਗੇ ਵਧਣਾ, ਦਿਆਲਤਾ ਅਤੇ ਮਨੁੱਖਤਾ ਸਾਡੇ ਲਈ ਸਭ ਤੋਂ ਮਹੱਤਵਪੂਰਨ ਹਨ।” ਅਸੀਂ ਹਮੇਸ਼ਾ ਆਪਣੇ ਬੱਚਿਆਂ, ਤਾਰਾ, ਖੁਸ਼ੀ ਅਤੇ ਰਾਜਵੀਰ ਦੇ ਚੰਗੇ ਮਾਪੇ ਅਤੇ ਸਭ ਤੋਂ ਚੰਗੇ ਦੋਸਤ ਰਹਾਂਗੇ, ਅਤੇ ਉਨ੍ਹਾਂ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।
ਅੱਗੇ ਵੀ ਰਹਾਗੇਂ ਇੱਕ- ਦੂਸਰੇ ਦੇ ਦੋਸਤ
ਅਦਾਕਾਰ ਨੇ ਪੋਸਟ ਵਿੱਚ ਅੱਗੇ ਲਿਖਿਆ, ” ਅਸੀਂ ਭਾਵੇਂ ਹੁਣ ਇਕੱਠੇ ਨਾ ਹੋਈਏ, ਪਰ ਇਸ ਫੈਸਲੇ ਵਿੱਚ ਕੋਈ ਗਲਤ ਜਾਂ ਦੋਸ਼ੀ ਨਹੀਂ ਹੈ। ਇਸ ਵਿੱਚ ਕਿਸੇ ਤਰ੍ਹਾਂ ਦੀ ਨਕਾਰਾਤਮਕਤਾ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕ ਕਿਸੇ ਵੀ ਤਰ੍ਹਾਂ ਦਾ ਅੰਦਾਜ਼ਾ ਲਗਾਉਣ ਤੋਂ ਪਹਿਲਾਂ ਸਮਝਣ ਕਿ ਅਸੀਂ ਡਰਾਮੇ ਦੀ ਬਜਾਏ ਸ਼ਾਂਤੀ ਅਤੇ ਸਮਝਦਾਰੀ ਨੂੰ ਚੁਣਿਆ ਹੈ। ਅਸੀਂ ਇੱਕ ਦੂਜੇ ਦਾ ਸਤਿਕਾਰ ਕਰਦੇ ਰਹਾਂਗੇ, ਇੱਕ ਦੂਜੇ ਦਾ ਸਾਥ ਦੇਵਾਂਗੇ ਅਤੇ ਅੱਗੇ ਵੀ ਦੋਸਤ ਬਣੇ ਰਹਾਂਗੇ। ਅਸੀਂ ਅੱਗੇ ਵਧਦੇ ਹੋਏ ਤੁਹਾਡੇ ਸਾਰਿਆਂ ਤੋਂ ਸਤਿਕਾਰ, ਪਿਆਰ ਅਤੇ ਸਮਝ ਦੀ ਵੀ ਉਮੀਦ ਕਰਦੇ ਹਾਂ। ਮਾਹੀ ਵਿਜ ਅਤੇ ਜੈ ਭਾਨੁਸ਼ਾਲੀ।”
ਕਦੋਂ ਹੋਇਆ ਸੀ ਵਿਆਹ?
ਦੱਸ ਦਈਏ ਕਿ ਜੈ ਭਾਨੁਸ਼ਾਲੀ ਅਤੇ ਮਾਹੀ ਵਿਜ ਦਾ ਵਿਆਹ 2011 ਵਿੱਚ ਹੋਇਆ ਸੀ। ਦੋਵਾਂ ਦੀ ਗਿਣਤੀ ਟੀਵੀ ‘ਤੇ ਇੱਕ ਪਾਵਰ ਕਪਲ ਵਿੱਚ ਹੁੰਦੀ ਸੀ। ਉਨ੍ਹਾਂ ਨੇ ਲੰਬੇ ਸਮੇਂ ਤੱਕ ਡੇਟਿੰਗ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ। ਉਨ੍ਹਾਂ ਦੀ ਇੱਕ 6 ਸਾਲ ਦੀ ਧੀ, ਤਾਰਾ ਵੀ ਹੈ। ਤਾਰਾ ਤੋਂ ਇਲਾਵਾ, ਜੈ ਅਤੇ ਮਾਹੀ ਖੁਸ਼ੀ ਅਤੇ ਰਾਜਵੀਰ ਦੇ ਮਾਪੇ ਵੀ ਹਨ, ਦੱਸ ਦਈਏ ਕਿ ਖੁਸ਼ੀ ਅਤੇ ਰਾਜਵੀਰ ਨੂੰ ਦੋਵਾਂ ਨੇ ਗੋਦ ਲਿਆ ਹੋਇਆ ਹੈ।











