ਬਿਹਾਰ : ਬਿਹਾਰ ਅਤੇ ਨੇਪਾਲ ‘ਚ ਕਈ ਥਾਵਾਂ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਤੜਕੇ 2.36 ਵਜੇ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.5 ਮਾਪੀ ਗਈ। ਇਸ ਤੋਂ ਇਲਾਵਾ ਪਾਕਿਸਤਾਨ ‘ਚ ਵੀ ਧਰਤੀ ਹਿੱਲੀ ਹੈ। ਉੱਥੇ ਇਸ ਦੀ ਤੀਬਰਤਾ 4.5 ਮਾਪੀ ਗਈ ਹੈ। ਫਿਲਹਾਲ ਤਿੰਨਾਂ ਥਾਵਾਂ ‘ਤੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਭੂਚਾਲ ਨੇਪਾਲ ਦੇ ਲੋਬੁਚੇ ਤੋਂ 84 ਕਿਲੋਮੀਟਰ ਉੱਤਰ-ਉੱਤਰ-ਪੱਛਮ ‘ਚ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਨੇਪਾਲ ‘ਚ ਭੂਚਾਲ ਆਉਣਾ ਆਮ ਗੱਲ ਹੈ। ਨੇਪਾਲ ਦੁਨੀਆ ਦੇ ਸਭ ਤੋਂ ਖਤਰਨਾਕ ਖੇਤਰਾਂ ਵਿਚੋਂ ਹੈ, ਜਿਸ ਨੂੰ ਸਭ ਤੋਂ ਸਰਗਰਮ ਟੈਕਟੋਨਿਕ ਖੇਤਰ ਵਜੋਂ ਜਾਣਿਆ ਜਾਂਦਾ ਹੈ।
ਨੇਪਾਲ ‘ਚ ਕਈ ਵਾਰ ਭੂਚਾਲ ਦੀਆਂ ਗਤੀਵਿਧੀਆਂ ਦਰਜ ਕੀਤੀਆਂ ਗਈਆਂ ਹਨ। ਇਹੀ ਕਾਰਨ ਹੈ ਕਿ ਇਹ ਖੇਤਰ ਭੂਚਾਲ ਵਰਗੀਆਂ ਕੁਦਰਤੀ ਆਫ਼ਤਾਂ ਲਈ ਸਭ ਤੋਂ ਸੰਵੇਦਨਸ਼ੀਲ ਖੇਤਰ ਹੈ। ਨੇਪਾਲ ‘ਚ ਹਾਲਾਤ ਵਿਗੜਨ ‘ਤੇ ਸਮੇਂ-ਸਮੇਂ ‘ਤੇ ਅਲਰਟ ਜਾਰੀ ਕੀਤੇ ਜਾਂਦੇ ਹਨ ਅਤੇ ਕਈ ਰਿਪੋਰਟਾਂ ‘ਚ ਇਸ ਨੂੰ ਖਤਰੇ ਦਾ ਖੇਤਰ ਦੱਸਿਆ ਗਿਆ ਹੈ।
ਪਾਕਿਸਤਾਨ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਵੇਰੇ 5.14 ਵਜੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.5 ਮਾਪੀ ਗਈ। ਕਿਸੇ ਜਾਨੀ ਜਾਂ ਜਾਇਦਾਦ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।