Sports News : ਪਾਕਿਸਤਾਨ ਨੇ ਆਈ.ਸੀ.ਸੀ. ਨੂੰ ਵਿਸ਼ਵ ਟੀ-20 ਕੱਪ ਲਈ ਆਪਣੀ ਪ੍ਰੋਵੀਜ਼ਨਲ ਟੀਮ ਸੌਂਪ ਦਿੱਤੀ ਹੈ ਅਤੇ ਹੁਣ ਐਲਾਨ ਦਾ ਇਤਜਾਰ ਹੈ। ਇੱਕ ਭਰੋਸੇਯੋਗ ਸੂਤਰ ਨੇ ਦੱਸਿਆ ਹੈ ਕਿ ਪਾਕਿਸਤਾਨ ਨੇ ਵਿਸ਼ਵ ਟੀ-20 ਕੱਪ ਲਈ ਆਪਣੀ 15 ਮੈਂਬਰੀ ਪ੍ਰੋਵੀਜ਼ਨਲ ਟੀਮ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੂੰ ਸੌਂਪ ਦਿੱਤੀ ਹੈ, ਪਰ ਅਜੇ ਤੱਕ ਸੂਚੀ ਜਨਤਕ ਨਹੀਂ ਕੀਤੀ ਹੈ। ਆਈ.ਸੀ.ਸੀ. ਨੇ ਭਾਗ ਲੈਣ ਵਾਲੀਆਂ ਟੀਮਾਂ ਲਈ ਆਪਣੀਆਂ ਪ੍ਰੋਵੀਜ਼ਨਲ ਟੀਮਾਂ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 1 ਜਨਵਰੀ ਨਿਰਧਾਰਤ ਕੀਤੀ ਸੀ, ਅਤੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪ੍ਰਕਿਰਿਆ ਪੂਰੀ ਕਰ ਲਈ, ਸੂਤਰਾਂ ਨੇ ਦੱਸਿਆ।
ਹੁਣ ਤੱਕ ਸਾਰੀਆਂ ਟੀਮਾਂ ਨੇ ਆਪਣੀ ਪ੍ਰੋਵੀਜ਼ਨਲ ਟੀਮ ਦਾ ਐਲਾਨ ਨਹੀਂ ਕੀਤਾ ਹੈ। ਟੀਮਾਂ ਨੂੰ 31 ਜਨਵਰੀ ਤੱਕ ਆਈ.ਸੀ.ਸੀ. ਦੀ ਪ੍ਰਵਾਨਗੀ ਤੋਂ ਬਿਨਾਂ ਆਪਣੇ ਪ੍ਰੋਵੀਜ਼ਨਲ ਟੀਮ ਵਿੱਚ ਬਦਲਾਅ ਕਰਨ ਦੀ ਇਜਾਜ਼ਤ ਹੈ। ਉਸ ਤਾਰੀਖ ਤੋਂ ਬਾਅਦ ਕਿਸੇ ਵੀ ਬਦਲਾਅ ਲਈ ਆਈਸੀਸੀ ਦੀ ਟੂਰਨਾਮੈਂਟ ਤਕਨੀਕੀ ਕਮੇਟੀ ਤੋਂ ਮਨਜ਼ੂਰੀ ਲੈਣੀ ਹੋਵੇਗੀ।
ਲਿਸਟ ਚ ਇਨ੍ਹਾਂ ਪਾਕਿਸਤਾਨੀ ਸਟਾਰਸ ਨੂੰ ਮਿਲੀ ਜਗ੍ਹਾਂ
ਸੂਤਰ ਦੇ ਅਨੁਸਾਰ, ਪਾਕਿਸਤਾਨ ਦੀ ਪ੍ਰੋਵੀਜ਼ਨਲ ਟੀਮ ਵਿੱਚ ਜ਼ਖ਼ਮੀ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ, ਸਾਬਕਾ ਕਪਤਾਨ ਬਾਬਰ ਆਜ਼ਮ ਅਤੇ ਆਲਰਾਊਂਡਰ ਸ਼ਾਦਾਬ ਖਾਨ ਸ਼ਾਮਲ ਹਨ, ਜੋ ਪਿਛਲੇ ਸਾਲ ਮਈ ਤੋਂ ਮੋਢੇ ਦੀ ਸੱਟ ਕਾਰਨ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡੇ ਹਨ। ਸ਼ਾਦਾਬ ਪਿਛਲੇ ਮਹੀਨੇ ਦੇ ਅਖੀਰ ਵਿੱਚ ਬਿਗ ਬੈਸ਼ ਲੀਗ ਵਿੱਚ ਮੁਕਾਬਲੇਬਾਜ਼ੀ ਕ੍ਰਿਕਟ ਵਿੱਚ ਪਰਤੇ ਅਤੇ ਉਨ੍ਹਾਂ ਨੂੰ 7 ਜਨਵਰੀ ਤੋਂ ਸ਼੍ਰੀਲੰਕਾ ਵਿੱਚ ਸ਼ੁਰੂ ਹੋਣ ਵਾਲੀ ਆਗਾਮੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਸੂਤਰ ਨੇ ਕਿਹਾ ਕਿ ਚੋਣਕਾਰਾਂ ਨੇ ਜ਼ਿਆਦਾਤਰ ਉਨ੍ਹਾਂ ਖਿਡਾਰੀਆਂ ਦੀ ਚੁਣਿਆ ਹੈ ਜੋ ਸ਼੍ਰੀਲੰਕਾ ਦੌਰੇ ਦਾ ਹਿੱਸਾ ਹਨ, ਅਤੇ ਫਾਇਲ ਵਿਸ਼ਵ ਕੱਪ ਟੀਮ ਦਾ ਫੈਸਲਾ ਸੀਰੀਜ਼ ਤੋਂ ਬਾਅਦ ਤੈਅ ਹੋਣ ਦੀ ਸੰਭਾਵਨਾ ਹੈ। ਤੇਜ਼ ਗੇਂਦਬਾਜ਼ ਹਾਰਿਸ ਰਉਫ ਨੂੰ ਵੀ ਅਸਥਾਈ ਟੀਮ ਵਿੱਚ ਵੀ ਸ਼ਾਮਲ ਨਹੀਂ ਕੀਤਾ ਗਿਆ ਹੈ, ਜਦੋਂ ਕਿ ਸ਼ਾਹੀਨ ਦੀ ਅੰਤਿਮ ਚੋਣ ਪਿਛਲੇ ਹਫ਼ਤੇ ਬਿਗ ਬੈਸ਼ ਲੀਗ ਦੇ ਦੌਰਾਨ ਲੱਗੀ ਗੋਡੇ ਦੀ ਸੱਟ ਤੋਂ ਠੀਕ ਹੋਣ ‘ਤੇ ਨਿਰਭਰ ਕਰੇਗੀ।
ਪ੍ਰੋਵੀਜ਼ਨਲ ਟੀਮ ਵਿੱਚ ਸ਼ਾਮਲ ਹੋਰ ਖਿਡਾਰੀਆਂ ਵਿੱਚ ਰਹੱਸਮਈ ਸਪਿਨਰ ਉਸਮਾਨ ਤਾਰਿਕ ਅਤੇ ਅਬਰਾਰ ਅਹਿਮਦ, ਆਲਰਾਊਂਡਰ ਫਹੀਮ ਅਸ਼ਰਫ ਅਤੇ ਮੁਹੰਮਦ ਨਵਾਜ਼ ਦੇ ਨਾਲ-ਨਾਲ ਸੈਮ ਅਯੂਬ, ਸਾਹਿਬਜ਼ਾਦਾ ਫਰਹਾਨ, ਫਖਰ ਜ਼ਮਾਨ, ਨਸੀਮ ਸ਼ਾਹ, ਉਸਮਾਨ ਖਾਨ, ਮੁਹੰਮਦ ਵਸੀਮ ਜੂਨੀਅਰ ਅਤੇ ਸਲਮਾਨ ਅਲੀ ਆਗਾ ਸ਼ਾਮਲ ਹਨ।











