ਨਵੀਂ ਦਿੱਲੀ: ਰਾਜਸਥਾਨ ਦੇ ਸੀਕਰ ਜ਼ਿਲ੍ਹੇ (Sikar District) ਤੋਂ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਜਿੱਥੇ ਜੈਪੁਰ ਤੋਂ ਖਾਟੂ ਸ਼ਿਆਮ ਜੀ ਜਾ ਰਹੀ ਜੈਪੁਰ ਡੀਪੋ ਦੀ ਰੋਡਵੇਜ਼ ਬੱਸ ਵਿੱਚ ਅਣਪਛਾਤੇ ਕਾਰਨਾਂ ਕਰਕੇ ਅੱਗ ਲੱਗ ਗਈ। ਬੱਸ ‘ਚ ਕੁੱਲ 50 ਯਾਤਰੀ ਸਵਾਰ ਸਨ, ਜਿਨ੍ਹਾਂ ਨੇ ਆਪਣੀ ਜਾਨ ਬਚਾਉਣ ਲਈ ਸਮੇਂ ਸਿਰ ਬੱਸ ‘ਚੋਂ ਛਾਲ ਮਾਰ ਦਿੱਤੀ।
50 ਤੋਂ ਵੱਧ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਮਾਰੀ ਛਾਲ
ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਰੀਂਗਸ ਥਾਣਾ ਖੇਤਰ ਦੀ ਹੈ। ਬੱਸ ਦੇ ਡਰਾਈਵਰ ਨੇ ਮਹਿਸੂਸ ਕੀਤਾ ਕਿ ਨੈਸ਼ਨਲ ਹਾਈਵੇ ਨੰਬਰ 52 ‘ਤੇ ਸਰਗੋਥ ਨੇੜੇ ਅੱਗ ਲੱਗੀ ਹੋਈ ਹੈ ਅਤੇ ਉਸ ਨੇ ਬੱਸ ਨੂੰ ਸੜਕ ਕਿਨਾਰੇ ਇਕ ਹੋਟਲ ਦੇ ਨੇੜੇ ਖੜ੍ਹਾ ਕਰ ਦਿੱਤਾ। ਜਿਵੇਂ ਹੀ ਅੱਗ ਵਧੀ, ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਛਾਲ ਮਾਰ ਦਿੱਤੀ। ਸੂਚਨਾ ਮਿਲਦੇ ਹੀ ਰੀਂਗਸ ਨਗਰ ਪਾਲਿਕਾ ਦੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਕਰੀਬ 40 ਮਿੰਟ ਦੀ ਕੋਸ਼ਿਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ।
ਕੀ ਕਹਿੰਦੀ ਹੈ ਪੁਲਿਸ ?
ਸਟੇਸ਼ਨ ਹਾਊਸ ਅਫਸਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਬੱਸ ਵਿਚ ਸਵਾਰ ਸਾਰੇ 50 ਯਾਤਰੀ ਸੁਰੱਖਿਅਤ ਹਨ। ਅੱਗ ਲੱਗਣ ਤੋਂ ਬਾਅਦ ਡਰਾਈਵਰ ਦੀ ਸਮਝ ਕਾਰਨ ਹਾਦਸਾ ਵੱਡਾ ਨਹੀਂ ਹੋ ਸਕਿਆ। ਜੇਕਰ ਸਮੇਂ ਸਿਰ ਅੱਗ ਲੱਗਣ ਦੀ ਸੂਚਨਾ ਨਾ ਮਿਲਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਦੱਸ ਦੇਈਏ ਕਿ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਹਾਦਸੇ ਹੋ ਚੁੱਕੇ ਹਨ। ਇਹ ਘਟਨਾ ਬਿਹਾਰ ਦੇ ਮੁਜ਼ੱਫਰਪੁਰ ਵਿੱਚ ਦੋ ਯਾਤਰੀ ਬੱਸਾਂ ਵਿੱਚ ਅੱਗ ਲੱਗਣ ਤੋਂ ਇੱਕ ਦਿਨ ਬਾਅਦ ਵਾਪਰੀ ਹੈ। ਅੱਗ ਨੇ ਜਲਦੀ ਹੀ ਭਿਆਨਕ ਰੂਪ ਲੈ ਲਿਆ ਅਤੇ ਦੋਵੇਂ ਬੱਸਾਂ ਪੂਰੀ ਤਰ੍ਹਾਂ ਸੜ ਗਈਆਂ। ਹਾਲਾਂਕਿ ਇਸ ਹਾਦਸੇ ‘ਚ ਜ਼ਿਆਦਾ ਯਾਤਰੀ ਜ਼ਖਮੀ ਨਹੀਂ ਹੋਏ।