ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ‘ਚ ਇਕ ਦੁਖਦਾਈ ਹਾਦਸਾ ਹੋਇਆ ਹੈ ਜਿਸ ਵਿੱਚ ਸ਼ਰਧਾਲੂਆਂ ਨਾਲ ਭਰੀ ਬੱਸ ਖਾਈ ‘ਚ ਡਿੱਗ ਗਈ। ਇਹ ਹਾਦਸਾ ਰਾਤ ਨੂੰ ਉਸ ਸਮੇਂ ਵਾਪਰਿਆ ਜਦੋਂ ਬੱਸ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਕਟੜਾ ਤੋਂ ਜੰਮੂ ਪਰਤ ਰਹੀ ਸੀ। ਇਹ ਹਾਦਸਾ ਜੰਮੂ ਦੇ ਮੰਡਾ ਇਲਾਕੇ ‘ਚ ਵਾਪਰਿਆ।
ਕਿਵੇਂ ਵਾਪਰਿਆ ਹਾਦਸਾ ?
ਜਾਣਕਾਰੀ ਮੁਤਾਬਕ ਬੱਸ ਦੇ ਡਰਾਈਵਰ ਨੇ ਇਕ ਮੋੜ ‘ਤੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਸਿੱਧੀ ਖਾਈ ‘ਚ ਡਿੱਗ ਗਈ। ਹਾਦਸੇ ਤੋਂ ਬਾਅਦ ਬੱਸ ਵਿਚ ਚੀਕ-ਚਿਹਾੜਾ ਪੈ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਾਲਾਂਕਿ, ਡਰਾਈਵਰ ਬੱਸ ਵਿੱਚ ਫਸਿਆ ਰਿਹਾ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ।
ਇਸ ਦੇ ਨਾਲ ਹੀ ਬੱਸ ਵਿੱਚ ਕੁੱਲ 19 ਯਾਤਰੀ ਸਵਾਰ ਸਨ। ਸਾਰੇ ਯਾਤਰੀਆਂ ਦੀ ਹਾਲਤ ਨਾਜ਼ੁਕ ਨਹੀਂ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜੰਮੂ-ਕਸ਼ਮੀਰ ਦੇ ਸੀਨੀਅਰ ਪੁਲਿਸ ਸੁਪਰਡੈਂਟ (ਟ੍ਰੈਫਿਕ) ਫੈਜ਼ਲ ਕੁਰੈਸ਼ੀ ਨੇ ਕਿਹਾ ਕਿ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਸੀ ਪਰ ਉਹ ਬੱਸ ਵਿੱਚ ਫਸਿਆ ਰਹਿ ਗਿਆ।
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਸ਼ੋਸਲ ਮੀਡੀਆ ‘ਤੇ ਲਿਖਿਆ , ” ਕਟੜਾ ਤੋਂ ਦਿੱਲੀ ਜਾ ਰਹੀ ਸ਼ਰਧਾਲੂਆਂ ਦੀ ਬੱਸ ਮੰਡਾ ਵਿੱਚ ਹਾਦਸਾ ਗ੍ਰਸਤ ਹੋ ਗਈ ਇਸ ‘ਤੇ ਮੈਨੂੰ ਬਹੁਤ ਦੁੱਖ ਹੋਇਆ ਹੈ । ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਡਰਾਈਵਰ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ। ਸ਼ੁਕਰ ਹੈ ਕਿ ਸਾਰੇ ਜ਼ਖਮੀ ਯਾਤਰੀਆਂ ਦੀ ਹਾਲਤ ਸਥਿਰ ਹੈ ਅਤੇ ਉਹ ਹਸਪਤਾਲ ‘ਚ ਹਨ। ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਮੇਰੇ ਦਫ਼ਤਰ ਨੇ ਇਸ ਮਾਮਲੇ ਵਿੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ। ‘
ਫਿਲਹਾਲ ਸਾਰੇ ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।