ਚਮੋਲੀ : ਸਿੱਖ ਸੰਗਤ ਲਈ ਖੁਸ਼ਖ਼ਬਰੀ ਹੈ। ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਉੱਚ ਗੜ੍ਹਵਾਲ ਹਿਮਾਲਿਆ ਖੇਤਰ ਵਿੱਚ ਸਥਿਤ ਪ੍ਰਸਿੱਧ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ (Gurdwara Sri Hemkunt Sahib) ਦੇ ਦਰਵਾਜ਼ੇ ਸਾਲ 2025 ਲਈ ਸੰਗਤ ਲਈ 25 ਮਈ ਨੂੰ ਖੁੱਲ੍ਹਣਗੇ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਯਾਤਰਾ ਦਾ ਪਹਿਲਾ ਜਥਾ 22 ਮਈ ਨੂੰ ਰਿਸ਼ੀਕੇਸ਼ ਲਕਸ਼ਮਣ ਝੂਲ ਮਾਰਗ ‘ਤੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਕੰਪਲੈਕਸ ਤੋਂ ਰਵਾਨਾ ਹੋਵੇਗਾ ਅਤੇ ਇਸ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਲਈ ਗੁਰਦੁਆਰਾ ਟਰੱਸਟ ਨੇ 22 ਮਈ ਨੂੰ ਧਾਰਮਿਕ ਅਤੇ ਹੋਰ ਸਾਰੇ ਵਰਗਾਂ ਦੇ ਪਤਵੰਤਿਆਂ ਨੂੰ ਵੀ ਸੱਦਾ ਦਿੱਤਾ ਹੈ।
ਇਹ ਗੁਰਦੁਆਰਾ ਦੁਨੀਆ ਦਾ ਸਭ ਤੋਂ ਉੱਚਾ ਗੁਰਦੁਆਰਾ ਹੈ, ਜੋ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਹੈ। ਹੇਮਕੁੰਡ ਇੱਕ ਸੰਸਕ੍ਰਿਤ ਨਾਮ ਹੈ, ਜਿਸਦਾ ਅਰਥ ਹੈ ਹੇਮ (ਬਰਫ) ਅਤੇ ਕੁੰਡ (ਕਟੋਰਾ)। ਇੱਥੇ ਸਥਿਤ ਝੀਲ ਅਤੇ ਇਸ ਦੇ ਆਲੇ-ਦੁਆਲੇ ਦੇ ਪਵਿੱਤਰ ਸਥਾਨ ਨੂੰ ਲੋਕਪਾਲ ਕਿਹਾ ਜਾਂਦਾ ਹੈ। ਇਹ ਗੁਰਦੁਆਰਾ ਸਾਲ ਵਿਚ ਸਿਰਫ 5 ਮਹੀਨੇ ਦਰਸ਼ਨਾਂ ਲਈ ਖੁੱਲ੍ਹਾ ਰਹਿੰਦਾ ਹੈ, ਬਾਕੀ ਸਮਾਂ ਇੱਥੇ ਪਹੁੰਚਣ ਦਾ ਰਸਤਾ ਬਰਫ ਨਾਲ ਢਕਿਆ ਰਹਿੰਦਾ ਹੈ।