ਨਵੀਂ ਦਿੱਲੀ : ਦਿੱਲੀ ਦੀ ਨਵੀਂ ਚੁਣੀ ਗਈ ਮੁੱਖ ਮੰਤਰੀ ਰੇਖਾ ਗੁਪਤਾ (Rekha Gupta) ਅੱਜ ਰਾਮਲੀਲਾ ਮੈਦਾਨ (Ramlila Maidan) ‘ਚ ਇਕ ਸ਼ਾਨਦਾਰ ਸਹੁੰ ਚੁੱਕ ਸਮਾਰੋਹ ‘ਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ ਨੱਡਾ ਅਤੇ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਮੌਜੂਦ ਰਹਿਣਗੇ। ਹਾਲਾਂਕਿ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕਣਗੇ।
ਜਾਣੋ ਸੀ.ਐੱਮ ਯੋਗੀ ਦੇ ਦਿੱਲੀ ਨਾ ਆਉਣ ਦਾ ਕਾਰਨ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦਿੱਲੀ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਰਾਜ ਦਾ ਬਜਟ ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਬਜਟ ਦਾ ਆਕਾਰ ਲਗਭਗ 7.5 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਬਜਟ ‘ਤੇ 24, 25, 27 ਅਤੇ 28 ਫਰਵਰੀ ਨੂੰ ਚਰਚਾ ਹੋਵੇਗੀ ਅਤੇ ਇਸ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਿੱਲੀ ਨਹੀਂ ਆ ਸਕਣਗੇ।
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਵੀ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਣਗੇ
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਵੀ ਦਿੱਲੀ ਨਹੀਂ ਪਹੁੰਚ ਸਕਣਗੇ ਕਿਉਂਕਿ ਅਸਾਮ ਵਿੱਚ ਬਜਟ ਸੈਸ਼ਨ ਵੀ ਚੱਲ ਰਿਹਾ ਹੈ। ਇਸ ਕਾਰਨ ਉਹ ਰੇਖਾ ਗੁਪਤਾ ਦੇ ਸਹੁੰ ਚੁੱਕ ਸਮਾਰੋਹ ‘ਚ ਸ਼ਾਮਲ ਨਹੀਂ ਹੋ ਸਕਣਗੇ।
ਸਹੁੰ ਚੁੱਕ ਸਮਾਰੋਹ ‘ਚ ਕਈ ਵੱਡੀਆਂ ਹਸਤੀਆਂ ਹੋਣਗੀਆਂ ਸ਼ਾਮਲ
ਰੇਖਾ ਗੁਪਤਾ ਦਾ ਸਹੁੰ ਚੁੱਕ ਸਮਾਰੋਹ ਰਾਮਲੀਲਾ ਮੈਦਾਨ ਵਿੱਚ ਆਯੋਜਿਤ ਕੀਤਾ ਜਾਵੇਗਾ , ਜਿੱਥੇ ਪ੍ਰਧਾਨ ਮੰਤਰੀ , ਗ੍ਰਹਿ ਮੰਤਰੀ ਅਮਿਤ ਸ਼ਾਹ , ਬੀ.ਜੇ.ਪੀ. ਪ੍ਰਧਾਨ ਜੇ.ਪੀ ਨੱਡਾ , ਕੇਂਦਰੀ ਮੰਤਰੀ ਅਤੇ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ । ਇਸ ਮੌਕੇ ਐਨ.ਡੀ.ਏ. ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ। ਇਸ ਸਮਾਰੋਹ ‘ਚ 50,000 ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ, ਜਿਸ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਦਿੱਲੀ ਦੇ ਮੱਧ, ਉੱਤਰੀ ਅਤੇ ਨਵੀਂ ਦਿੱਲੀ ਇਲਾਕਿਆਂ ‘ਚ 25,000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ।
ਰੇਖਾ ਗੁਪਤਾ ਬਣੀ ਦਿੱਲੀ ਦੀ ਚੌਂਥੀ ਮਹਿਲਾ ਮੁੱਖ ਮੰਤਰੀ
ਰੇਖਾ ਗੁਪਤਾ ਨੇ ਸ਼ਾਲੀਮਾਰ ਬਾਗ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਵੰਦਨਾ ਕੁਮਾਰੀ ਨੂੰ 29,000 ਤੋਂ ਵੱਧ ਵੋਟਾਂ ਨਾਲ ਹਰਾਇਆ ਅਤੇ ਪਹਿਲੀ ਵਾਰ ਵਿਧਾਇਕ ਬਣੀ। ਉਹ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਹੋਵੇਗੀ। ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ (ਭਾਜਪਾ), ਸ਼ੀਲਾ ਦੀਕਸ਼ਿਤ (ਕਾਂਗਰਸ) ਅਤੇ ਆਤਿਸ਼ੀ (ਆਮ ਆਦਮੀ ਪਾਰਟੀ) ਇਸ ਅਹੁਦੇ ‘ਤੇ ਸਨ। ਰੇਖਾ ਗੁਪਤਾ ਭਾਜਪਾ ਸ਼ਾਸਿਤ ਜਾਂ ਸਹਿਯੋਗੀ ਸਰਕਾਰਾਂ ਵਿਚ ਇਕਲੌਤੀ ਮਹਿਲਾ ਮੁੱਖ ਮੰਤਰੀ ਹੋਵੇਗੀ ਅਤੇ ਮਮਤਾ ਬੈਨਰਜੀ (ਪੱਛਮੀ ਬੰਗਾਲ) ਤੋਂ ਬਾਅਦ ਪੂਰੇ ਦੇਸ਼ ਵਿਚ ਦੂਜੀ ਮਹਿਲਾ ਮੁੱਖ ਮੰਤਰੀ ਹੋਵੇਗੀ।