ਨਵੀਂ ਦਿੱਲੀ: ਵਿਦੇਸ਼ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ । ਇਸ ਯਾਤਰਾ ਦੇ ਦੌਰਾਨ ਪੀ.ਐੱਮ ਦੇ ਜਹਾਜ਼ ਨੂੰ ਅੱਤਵਾਦੀ ਹਮਲੇ ਦੀ ਧਮਕੀ ਮਿਲੀ ਹੈ । ਧਮਕੀ ਮਿਲਣ ਤੋਂ ਬਾਅਦ ਕੇਂਦਰ ਅਤੇ ਰਾਜ ਦੀਆਂ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
11 ਫਰਵਰੀ ਨੂੰ ਮੁੰਬਈ ਪੁਲਿਸ ਦੇ ਕੰਟਰੋਲ ਰੂਮ ਵਿੱਚ ਇਕ ਫੋਨ ਆਇਆ । ਫੋਨ ਕਰਨ ਵਾਲੇ ਵਿਅਕਤੀ ਨੇ ਮੁੰਬਈ ਪੁਲਿਸ ਨੂੰ ਚਿਤਾਵਨੀ ਦਿੱਤੀ ਕਿ ਅੱਤਵਾਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ‘ਤੇ ਹਮਲਾ ਕਰ ਸਕਦੇ ਹਨ , ਕਿਉਂਕਿ ਉਹ ਵਿਦੇਸ਼ ਯਾਤਰਾ ‘ਤੇ ਜਾ ਰਹੇ ਹਨ । ਪੁਲਿਸ ਨੇ ਇਸ ਜਾਣਕਾਰੀ ਨੂੰ ਗੰਭੀਰਤਾ ਨਾਲ ਲਿਆ ਅਤੇ ਇਸ ਮਾਮਲੇ ਦੀ ਜਾਣਕਾਰੀ ਹੋਰ ਸੁਰੱਖਿਆ ਏਜੰਸੀਆਂ ਨੂੰ ਦਿੱਤੀ।
ਮੁੰਬਈ ਪੁਲਿਸ ਨੇ ਧਮਕੀ ਦੇਣ ਵਾਲੇ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਮੁੰਬਈ ਪੁਲਿਸ ਨੇ ਕਿਹਾ ਕਿ ਪੁਲਿਸ ਕੰਟਰੋਲ ਰੂਮ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਚੇਂਬੂਰ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਹ ਮਾਨਸਿਕ ਤੌਰ ‘ਤੇ ਬਿਮਾਰ ਹੈ।
ਮਾਮਲੇ ਦੀ ਜਾਂਚ ਕਰ ਰਹੀਆਂ ਏਜੰਸੀਆਂ-
ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ‘ਤੇ ਅੱਤਵਾਦੀ ਹਮਲੇ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਦੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਫੋਨ ਕਰਨ ਵਾਲਾ ਕੌਣ ਹੈ ਅਤੇ ਉਸ ਨੂੰ ਅੱਤਵਾਦੀ ਹਮਲੇ ਦੀ ਜਾਣਕਾਰੀ ਕਿੱਥੋਂ ਮਿਲੀ। ਏਜੰਸੀਆਂ ਮੁਲਜ਼ਮਾਂ ਦੇ ਫੋਨ ਦਾ ਪਤਾ ਲਗਾ ਰਹੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਫਰਾਂਸ ਅਤੇ ਅਮਰੀਕਾ ਦੇ ਦੌਰੇ ‘ਤੇ ਹਨ। ਉਹ ਪਹਿਲਾਂ ਫਰਾਂਸ ਗਏ ਅਤੇ ਹੁਣ ਉਹ ਅਮਰੀਕਾ ਪਹੁੰਚ ਗਏ ਹਨ। ਪੀ.ਐੱਮ ਮੋਦੀ 12 ਤੋਂ 14 ਫਰਵਰੀ ਤੱਕ ਅਮਰੀਕਾ ਵਿੱਚ ਰਹਿਣਗੇ। ਇਸ ਦੌਰਾਨ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ।