ਪੰਜਾਬ : ਪੰਜਾਬ ‘ਚ ਸਪੈਸ਼ਲ ਟਾਸਕ ਫੋਰਸ (STF) ਜਲੰਧਰ ਦੀ ਟੀਮ ਨੇ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ‘ਚ ਇਕ ਨਸ਼ਾ ਤਸਕਰ ਨੂੰ ਵੱਡੀ ਖੇਪ ਸਮੇਤ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਐਸ.ਟੀ.ਐਫ਼ ਦੀ ਟੀਮ ਨੇ ਅੰਮ੍ਰਿਤਸਰ ਵਿੱਚ ਛਾਪੇਮਾਰੀ ਕਰਕੇ ਇੱਕ ਸਥਾਨਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਸਮੱਗਲਰ ਕੋਲੋਂ ਬਰਾਮਦ ਕੀਤੀ ਗਈ ਖੇਪ ਪਾਕਿਸਤਾਨ ਤੋਂ ਆਈ ਸੀ।
ਮੁਲਜ਼ਮ ਦੀ ਪਛਾਣ ਗੁਰਦੇਵ ਸਿੰਘ ਵਾਸੀ ਪਿੰਡ ਧਾਰੀਵਾਲ ਬੱਗਾ ਵਜੋਂ ਹੋਈ ਹੈ, ਜੋ ਕਿ ਹੁਣ ਪਿੰਡ ਮੋਹਨ ਭੰਡਾਰੀਆਂ ਦਾ ਰਹਿਣ ਵਾਲਾ ਹੈ। ਏ.ਆਈ.ਜੀ ਜਗਜੀਤ ਸਿੰਘ ਸਰੋ ਤੇ ਡੀ.ਐਸ.ਪੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਬਾਰੇ ਗੁਪਤ ਸੂਚਨਾ ਮਿਲੀ ਸੀ। ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਫ਼ਤਿਹਗੜ੍ਹ ਚੂੜੀਆਂ ਰੋਡ ‘ਤੇ ਸਥਿਤ ਸੋਹੀਆਂ ਕਲਾਂ ਗੁਰਦੁਆਰੇ ਨੇੜੇ ਛਾਪੇਮਾਰੀ ਕੀਤੀ। ਜਿੱਥੋਂ ਮੁਲਜ਼ਮ ਬੱਗਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ।
ਪੁਲਿਸ ਨੇ ਤਲਾਸ਼ੀ ਲਈ ਤਾਂ ਉਸ ਕੋਲੋਂ 10 ਕਿਲੋ 163 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਦੀ ਅੰਤਰਰਾਸ਼ਟਰੀ ਕੀਮਤ 70 ਕਰੋੜ ਰੁਪਏ ਦੱਸੀ ਜਾ ਰਹੀ ਹੈ। ਐਸ.ਟੀ.ਐਫ਼ ਦੇ ਡੀ.ਐਸ.ਪੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਤਸਕਰੀ ਦਾ ਵੱਡਾ ਨੈੱਟਵਰਕ ਹੋ ਸਕਦਾ ਹੈ ਅਤੇ ਪੁਲਿਸ ਇਸ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਅਮਨਦੀਪ ਸਿੰਘ 12ਵੀਂ ਪਾਸ ਹੈ ਅਤੇ ਉਹ ਕੁਝ ਸਮਾਂ ਪਹਿਲਾਂ ਹੀ ਇਸ ਤਸਕਰੀ ਦੇ ਧੰਦੇ ਵਿੱਚ ਸ਼ਾਮਲ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਕਰਜ਼ੇ ‘ਚ ਡੁੱਬਿਆ ਹੋਇਆ ਸੀ, ਜਿਸ ਕਾਰਨ ਉਸ ਨੇ ਇਹ ਨਾਜਾਇਜ਼ ਰਸਤਾ ਅਪਣਾਇਆ। ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਹ ਪੰਜਾਬ ਅਤੇ ਆਸ-ਪਾਸ ਦੇ ਸੂਬਿਆਂ ਵਿੱਚ ਨਸ਼ਿਆਂ ਦੀ ਸਪਲਾਈ ਦਾ ਧੰਦਾ ਕਰਦਾ ਸੀ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਮਨਦੀਪ ਸਿੰਘ ਕਿਸ ਲਈ ਕੰਮ ਕਰਦਾ ਸੀ ਅਤੇ ਨਸ਼ੇ ਦੀ ਇਹ ਖੇਪ ਕਿੱਥੋਂ ਲੈ ਕੇ ਆਇਆ ਸੀ। ਇਸ ਤਸਕਰੀ ਵਿੱਚ ਹੋਰ ਕੌਣ-ਕੌਣ ਸ਼ਾਮਲ ਹਨ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।