ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਲਗਾਤਾਰ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਭਾਰਤ ਦੀ ਸਭ ਤੋਂ ਅਮੀਰ ਸਿਆਸੀ ਪਾਰਟੀ ਹੈ। ਪਾਰਟੀਆਂ ਦੇ ਚੋਣ ਕਮਿਸ਼ਨ ਨੂੰ ਮਿਲੇ ਅੰਕੜਿਆਂ ਮੁਤਾਬਕ ਭਾਜਪਾ ਕੋਲ 7 ਹਜ਼ਾਰ ਕਰੋੜ ਰੁਪਏ (7113.80 ਕਰੋੜ ਰੁਪਏ) ਤੋਂ ਵੱਧ ਦੀ ਨਕਦੀ ਅਤੇ ਬੈਂਕ ਬੈਲੇਂਸ ਹੈ। ਇਸ ਦੇ ਨਾਲ ਹੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਕੋਲ ਸਿਰਫ਼ 857.15 ਕਰੋੜ ਰੁਪਏ ਹਨ।
ਭਾਜਪਾ ਕੋਲ ਕਾਂਗਰਸ ਨਾਲੋਂ ਕਰੀਬ 8.5 ਗੁਣਾ ਜ਼ਿਆਦਾ ਨਕਦੀ ਅਤੇ ਬੈਂਕ ਬੈਲੇਂਸ ਹੈ। ਅੰਕੜਿਆਂ ਮੁਤਾਬਕ ਭਾਜਪਾ ਨੇ 2023-24 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਰੀਬ 1700 ਕਰੋੜ ਰੁਪਏ ਖਰਚ ਕੀਤੇ ਸਨ। ਇਹ ਖਰਚਾ 2022-23 ਦੇ ਖਰਚੇ ਨਾਲੋਂ 60% ਵੱਧ ਹੈ। ਉਸ ਸਾਲ ਪਾਰਟੀ ਨੇ ਲਗਭਗ 1000 ਕਰੋੜ ਰੁਪਏ ਖਰਚ ਕੀਤੇ ਸਨ। ਇਸ ਦੇ ਮੁਕਾਬਲੇ ਕਾਂਗਰਸ ਨੇ 2023-24 ਦੀਆਂ ਲੋਕ ਸਭਾ ਚੋਣਾਂ ਦੌਰਾਨ ਲਗਭਗ 600 ਕਰੋੜ ਰੁਪਏ ਖਰਚ ਕੀਤੇ। ਇਹ 2022-23 ਦੇ ਖਰਚੇ ਨਾਲੋਂ ਲਗਭਗ 3 ਗੁਣਾ ਜ਼ਿਆਦਾ ਹੈ। ਉਸ ਸਾਲ ਕਾਂਗਰਸ ਨੇ ਲਗਭਗ 200 ਕਰੋੜ ਰੁਪਏ ਖਰਚ ਕੀਤੇ ਸਨ।
ਭਾਜਪਾ ਨੂੰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਲਗਭਗ 2 ਗੁਣਾ ਚੰਦਾ ਮਿਲਿਆ ਹੈ। ਚੋਣ ਕਮਿਸ਼ਨ ਨੂੰ ਦਿੱਤੀ ਗਈ ਸਾਲਾਨਾ ਆਡਿਟ ਰਿਪੋਰਟ ਮੁਤਾਬਕ 2023-24 ਦੌਰਾਨ ਭਾਜਪਾ ਨੂੰ ਚੋਣ ਬਾਂਡਾਂ ਰਾਹੀਂ 1685.69 ਕਰੋੜ ਰੁਪਏ ਦਾ ਚੰਦਾ ਮਿਲਿਆ।