ਬਠਿੰਡਾ : ਜ਼ਿਲ੍ਹੇ ਦੇ ਪਿੰਡ ਜੀਦਾ ਸਥਿਤ ਸਪੋਰਟਕਿੰਗ ਫੈਕਟਰੀ ਦੇ ਇੱਕ ਗੋਦਾਮ ਵਿੱਚ ਸੋਮਵਾਰ ਸ਼ਾਮ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵੇਲੇ ਫੈਕਟਰੀ ਬੰਦ ਸੀ ਅਤੇ ਸਾਰੇ ਕਰਮਚਾਰੀ ਆਪਣੇ ਘਰ ਜਾ ਚੁੱਕੇ ਸਨ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ।
ਫੈਕਟਰੀ ਦੇ ਜੀ.ਐਮ ਰਾਜਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, “ਸ਼ਾਮ ਲਗਭਗ 6:30 ਵਜੇ, ਸਾਨੂੰ ਸੂਚਨਾ ਮਿਲੀ ਕਿ ਗੋਦਾਮ ਨੰਬਰ 8 ਵਿੱਚ ਅੱਗ ਲੱਗ ਗਈ ਹੈ।” ਸੂਚਨਾ ਮਿਲਦੇ ਹੀ, ਫੈਕਟਰੀ ਦੀ ਆਪਣੀ ਫਾਇਰ ਬ੍ਰਿਗੇਡ ਟੀਮ ਤੁਰੰਤ ਮੌਕੇ ‘ਤੇ ਪਹੁੰਚੀ, ਅਤੇ ਬਠਿੰਡਾ, ਐਨ.ਐਫ.ਐਲ. ਅਤੇ ਬਾਜਾਖਾਨਾ ਤੋਂ ਵੀ ਫਾਇਰ ਇੰਜਣਾਂ ਨੂੰ ਬੁਲਾਇਆ ਗਿਆ। 100 ਤੋਂ ਵੱਧ ਮੁਲਾਜ਼ਮਾਂ ਅਤੇ ਫਾਇਰ ਬ੍ਰਿਗੇਡ ਦੇ ਕਰਮੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਰਾਜਪਾਲ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਕਪਾਹ ਨਾਲ ਭਰੇ ਪੂਰੇ ਗੋਦਾਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਉਨ੍ਹਾਂ ਕਿਹਾ, “ਜਦੋਂ ਕਪਾਹ ਨੂੰ ਅੱਗ ਲੱਗਦੀ ਹੈ, ਤਾਂ ਉਸ ਤੋਂ ਬਾਅਦ ਬਚਿਆ ਹੋਇਆ ਮਾਲ ਵੀ ਕਿਸੇ ਕੰਮ ਦਾ ਨਹੀਂ ਰਹਿੰਦਾ।
ਨੁਕਸਾਨ ਦਾ ਅਜੇ ਨਹੀ ਹੋਇਆ ਮੁਲਾਂਕਣ
ਜੀਐਮ ਰਾਜਪਾਲ ਦੇ ਅਨੁਸਾਰ, ਨੁਕਸਾਨ ਦਾ ਸਹੀ ਅੰਦਾਜ਼ਾ ਲਗਾਉਣਾ ਫਿਲਹਾਲ ਅਸੰਭਵ ਹੈ। ਉਨ੍ਹਾਂ ਨੇ ਕਿਹਾ ਕਿ , ” “ਇਹ ਤਾਂ ਅੱਗ ਪੂਰੀ ਤਰ੍ਹਾਂ ਬੁਝਣ ਅਤੇ ਮਲਬੇ ਦੀ ਜਾਂਚ ਤੋਂ ਬਾਅਦ ਹੀ ਕੱਲ ਦੁਪਹਿਰ ਤੱਕ ਪਤਾ ਲੱਗ ਸਕੇਗਾ।”
ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ
ਅਜੇ ਤੱਕ ਇਹ ਸਾਫ਼ ਨਹੀਂ ਹੋਇਆ ਕਿ ਅੱਗ ਲੱਗਣ ਦਾ ਕਾਰਨ ਕੀ ਸੀ। ਜੀਐਮ ਰਾਜਪਾਲ ਨੇ ਦੱਸਿਆ ਕਿ “ਇਸ ਸਮੇਂ ਸਾਡਾ ਪੂਰਾ ਧਿਆਨ ਅੱਗ ਬੁਝਾਉਣ ਅਤੇ ਹਾਲਾਤ ਨੂੰ ਕਾਬੂ ਕਰਨ ‘ਤੇ ਕੇਂਦਰਿਤ ਹੈ।”
ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ
ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕਿਸੇ ਦੇ ਮਰਨ ਦੀ ਸੂਚਨਾ ਨਹੀਂ ਹੈ। ਫੈਕਟਰੀ ਬੰਦ ਸੀ ਅਤੇ ਪ੍ਰੋਡਕਸ਼ਨ ਯੂਨਿਟ ਗੋਦਾਮ ਤੋਂ ਕਾਫੀ ਦੂਰ ਸਥਿਤ ਹੈ, ਜਿੱਥੇ ਕੋਈ ਕਰਮਚਾਰੀ ਮੌਜੂਦ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ “ਕਰੀਬ 100 ਲੋਕ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ ਅਤੇ ਹਾਲਤ ਹੁਣ ਲਗਭਗ ਕਾਬੂ ਵਿੱਚ ਹੈ।”











