ਵਾਸ਼ਿੰਗਟਨ : ਡੋਨਾਲਡ ਟਰੰਪ ਅਮਰੀਕਾ ਨੇ ਨਵੇਂ ਰਾਸ਼ਟਰਪਤੀ ਬਣਨ ਲਈ ਤਿਆਰ ਹਨ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਰਾਤ ਨੂੰ ਵਾਸ਼ਿੰਗਟਨ ਵਿੱਚ ਆਪਣਾ ਜਿੱਤ ਦਾ ਭਾਸ਼ਣ ਦਿੱਤਾ। ਸਹੁੰ ਚੁੱਕਣ ਤੋਂ ਪਹਿਲਾਂ ਦਿੱਤੇ ਇਸ ਭਾਸ਼ਣ ‘ਚ ਟਰੰਪ ਨੇ ਕਿਹਾ ਕਿ ਉਹ ਦੁਨੀਆ ‘ਚ ਤੀਜੇ ਵਿਸ਼ਵ ਯੁੱਧ ਨੂੰ ਹੋਣ ਤੋਂ ਰੋਕਣਗੇ। ਟਰੰਪ ਨੇ ਦਾਅਵਾ ਕੀਤਾ ਕਿ ਅਸੀਂ ਤੀਜੇ ਵਿਸ਼ਵ ਯੁੱਧ ਦੇ ਬਹੁਤ ਨੇੜੇ ਹਾਂ।
ਉਨ੍ਹਾਂ ਕਿਹਾ, ਇਹ ਟਰੰਪ ਦਾ ਪ੍ਰਭਾਵ ਹੈ ਕਿ ਉਨ੍ਹਾਂ ਦੀ ਚੋਣ ਜਿੱਤ ਦੇ ਸਿਰਫ 3 ਮਹੀਨਿਆਂ ਦੇ ਅੰਦਰ ਹੀ ਗਾਜ਼ਾ ਵਿੱਚ ਜੰਗਬੰਦੀ ਹੋ ਗਈ ਹੈ। ਟਰੰਪ ਨੇ ਯੂਕਰੇਨ ਵਿੱਚ ਚੱਲ ਰਹੀ ਜੰਗ ਅਤੇ ਮੱਧ ਪੂਰਬ ਦੇ ਦੇਸ਼ਾਂ ਵਿੱਚ ਫੈਲ ਰਹੀ ਅਰਾਜਕਤਾ ਨੂੰ ਰੋਕਣ ਦੀ ਵੀ ਗੱਲ ਕੀਤੀ।
ਟਰੰਪ ਨੇ ਆਪਣੇ ਅਗਲੇ ਕਾਰਜਕਾਲ ਵਿੱਚ ਇਤਿਹਾਸਕ ਰਫ਼ਤਾਰ ਨਾਲ ਕੰਮ ਕਰਨ ਦੀ ਗੱਲ ਕੀਤੀ ਹੈ। ਇਸ ਦੀ ਸ਼ੁਰੂਆਤ ਮੈਕਸੀਕੋ ਦੀ ਸਰਹੱਦ ਨੂੰ ਸੀਲ ਕਰਨ ਨਾਲ ਹੋਵੇਗੀ। ਟਰੰਪ ਦਾ ਭਾਸ਼ਣ ਕੈਪੀਟਲ ਵਨ ਏਰੀਨਾ ‘ਚ ਹੋਇਆ। 20,000 ਲੋਕਾਂ ਦੀ ਸਮਰੱਥਾ ਵਾਲਾ ਇਹ ਸਟੇਡੀਅਮ ਖਚਾਖਚ ਭਰਿਆ ਹੋਇਆ ਸੀ। ਇਸ ਤੋਂ ਇਲਾਵਾ ਕੜਾਕੇ ਦੀ ਠੰਢ ਦੇ ਬਾਵਜੂਦ ਵੱਡੀ ਗਿਣਤੀ ਲੋਕ ਬਾਹਰ ਖੜ੍ਹੇ ਰਹੇ। ਡੋਨਾਲਡ ਟਰੰਪ ਨੇ ਚੀਨੀ ਐਪ TikTok ‘ਤੇ ਪਾਬੰਦੀ ਨਾ ਲਗਾਉਣ ਦੀ ਗੱਲ ਦੁਹਰਾਈ। ਉਨ੍ਹਾਂ ਸਹੁੰ ਚੁੱਕਣ ਤੋਂ ਬਾਅਦ ਇਸ ਲਈ ਕਾਰਜਕਾਰੀ ਹੁਕਮ ਜਾਰੀ ਕਰਨ ਦੀ ਗੱਲ ਕਹੀ। ਭਾਸ਼ਣ ਦੌਰਾਨ ਟਰੰਪ ਨੇ ਕਿਹਾ ਕਿ TikTok ਅੱਜ ਤੋਂ ਵਾਪਸ ਆ ਗਿਆ ਹੈ।