ਨਵੀਂ ਦਿੱਲੀ : ਦਿੱਲੀ ਵਿਧਾਨਸਭਾ ਚੋਣਾਂ ਵਿਚ ਬਹੁਤ ਘੱਟ ਸਮਾਂ ਰਹਿ ਗਿਆ ਹੈ ਅਤੇ ਕੋਈ ਵੀ ਪਾਰਟੀ ਦੂਜੀ ਪਾਰਟੀ ਤੇ ਹਮਲਾ ਕਰਨ ਦਾ ਮੌਕਾ ਨਹੀਂ ਛੱਡ ਰਹੀ ਹੈ। ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਵੀਰਵਾਰ ਦੇਰ ਰਾਤ ਦਿੱਲੀ ਦੇ ਏਮਜ਼ ਦੇ ਬਾਹਰ ਮਰੀਜ਼ਾਂ ਨਾਲ ਮੁਲਾਕਾਤ ਕੀਤੀ। ਰਾਹੁਲ ਨੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ।
ਰਾਹੁਲ ਨੇ ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ – ਬੀਮਾਰੀ ਦਾ ਬੋਝ, ਕੜਾਕੇ ਦੀ ਠੰਡ ਅਤੇ ਸਰਕਾਰੀ ਅਸੰਵੇਦਨਸ਼ੀਲਤਾ, ਅੱਜ ਏਮਜ਼ ਦੇ ਬਾਹਰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੇ, ਜੋ ਇਲਾਜ ਦੀ ਉਮੀਦ ਵਿੱਚ ਦੂਰ-ਦੂਰ ਤੋਂ ਆਏ ਹਨ। ਇਲਾਜ ਲਈ ਉਨ੍ਹਾਂ ਨੂੰ ਸੜਕਾਂ, ਫੁੱਟਪਾਥਾਂ ਅਤੇ ਸਬਵੇਅ ‘ਤੇ ਸੌਣ ਲਈ ਮਜ਼ਬੂਰ ਕੀਤਾ ਜਾਂਦਾ ਹੈ, ਠੰਡੀ ਜ਼ਮੀਨ, ਭੁੱਖ ਅਤੇ ਬੇਅਰਾਮੀ ਦੇ ਬਾਵਜੂਦ ਉਮੀਦ ਦੀ ਲਾਟ ਨੂੰ ਬਲਦੇ ਰੱਖਣਾ ਪੈਂਦਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਅਤੇ ਦਿੱਲੀ ਦੋਵੇਂ ਸਰਕਾਰਾਂ ਜਨਤਾ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀਆਂ ਹਨ। ਸਾਂਸਦ ਰਾਹੁਲ ਗਾਂਧੀ ਨੇ 14 ਜਨਵਰੀ ਨੂੰ ਰਾਜਧਾਨੀ ਦਾ ਦੌਰਾ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਸੀ । ਗੰਦਗੀ ਦਿਖਾਉਂਦੇ ਹੋਏ ਉਨ੍ਹਾਂ ਕੇਜਰੀਵਾਲ ‘ਤੇ ਤਾਅਨੇ ਮਾਰਦੇ ਹੋਏ ਕਿਹਾ, ‘ਇਹ ਕੇਜਰੀਵਾਲ ਜੀ ਦੀ ਚਮਕਦੀ ਦਿੱਲੀ, ਪੈਰਿਸ ਵਰਗੀ ਦਿੱਲੀ।’ ਦਰਅਸਲ, ਰਾਹੁਲ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ (ਆਪ) ‘ਤੇ ਲਗਾਤਾਰ ਹਮਲਾਵਰ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਅਤੇ ਕੇਜਰੀਵਾਲ ਸਮਾਨ ਹਨ।