ਨਵੀਂ ਦਿੱਲੀ : ਦਿਵਾਲੀ ਤੇ ਛੱਠ ਪੂਜਾ ਮਨਾ ਕੇ ਦਿੱਲੀ ਮੁੜ ਰਹੇ ਲੋਕਾਂ ਲਈ ਡੀ.ਐਮ.ਆਰ.ਸੀ. ਨੇ ਖੁਸ਼ਖਬਰੀ ਦਿੱਤੀ ਹੈ। ਘਰੋਂ ਤਿਉਹਾਰ ਮਨਾ ਕੇ ਮੁੜ ਰਹੇ ਯਾਤਰੀਆਂ ਦੀ ਸਹੂਲਤ ਲਈ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐਮ.ਆਰ.ਸੀ.) ਨੇ ਮੈਟਰੋ ਦੇ ਚੱਲਣ ਦੇ ਸਮੇਂ ਵਿੱਚ ਤਬਦੀਲੀ ਕੀਤੀ ਹੈ ਅਤੇ ਇਹ ਤਬਦੀਲੀ ਅਗਲੇ ਪੰਜ ਦਿਨਾਂ, ਯਾਨੀ 30 ਅਕਤੂਬਰ ਤੋਂ ਤਿੰਨ ਨਵੰਬਰ ਤੱਕ ਲਾਗੂ ਰਹੇਗੀ। DMRC ਨੇ ਐਲਾਨ ਕੀਤਾ ਹੈ ਕਿ ਮੈਟਰੋ ਸਟੇਸ਼ਨਾਂ ‘ਤੇ ਆਉਣ ਵਾਲੀ ਭੀੜ ਨੂੰ ਕੰਟਰੋਲ ਕਰਨ ਅਤੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਸਵੇਰ ਵੇਲੇ ਵਾਧੂ ਟ੍ਰੇਨਾਂ ਚਲਾਈਆਂ ਜਾਣਗੀਆਂ। DMRC ਦੀ ਇਸ ਵਿਵਸਥਾ ਦੇ ਤਹਿਤ, ਨਵੀਂ ਦਿੱਲੀ ਯੈਲੋ ਲਾਈਨ ਅਤੇ ਆਨੰਦ ਵਿਹਾਰ ISBT ਬਲਿਊ ਅਤੇ ਲਾਈਨ ਸਟੇਸ਼ਨਾਂ ਤੋਂ ਪਹਿਲੀ ਮੈਟਰੋ ਟ੍ਰੇਨ ਹੁਣ ਆਮ ਨਾਲੋਂ ਪਹਿਲਾਂ, ਸਵੇਰੇ 5:15 ਵਜੇ ਰਵਾਨਾ ਹੋਵੇਗੀ।
ਅਸੁਵਿਧਾ ਤੋਂ ਬਚਣਗੇ ਯਾਤਰੀ
ਡੀ.ਐਮ.ਆਰ.ਸੀ (DMRC) ਦੇ ਇਸ ਐਲਾਨ ਨਾਲ ਖ਼ਾਸ ਤੌਰ ‘ਤੇ ਬਾਹਰੋਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਅਤੇ ਆਨੰਦ ਵਿਹਾਰ ਰੇਲਵੇ ਸਟੇਸ਼ਨ ‘ਤੇ ਆਉਣ ਵਾਲੇ ਉਨ੍ਹਾਂ ਯਾਤਰੀਆਂ ਨੂੰ ਫਾਇਦਾ ਹੋਵੇਗਾ, ਜੋ ਲੰਬੀ ਦੂਰੀ ਦੀਆਂ ਗੱਡੀਆਂ ਤੋਂ ਦਿੱਲੀ ਪਹੁੰਚ ਰਹੇ ਹਨ। ਇਨ੍ਹਾਂ ਯਾਤਰੀਆਂ ਨੂੰ ਸਵੇਰੇ ਜਲਦੀ ਮੈਟਰੋ ਮਿਲ ਜਾਣ ਨਾਲ ਉਨ੍ਹਾਂ ਨੂੰ ਦਿੱਲੀ ਦੇ ਦੂਜੇ ਹਿੱਸਿਆਂ ਵਿੱਚ ਜਾਣ ਵਿੱਚ ਆਸਾਨੀ ਹੋਵੇਗੀ।
ਇੰਟਰਚੇਂਜ ਦੀ ਸਹੂਲਤ
ਡੀ.ਐਮ.ਆਰ.ਸੀ. ਨੇ ਕਿਹਾ ਹੈ ਕਿ ਮੈਟਰੋ ਸਟੇਸ਼ਨਾਂ ‘ਤੇ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ, ਇਸ ਲਈ ਸਾਰੇ ਮੁੱਖ ਇੰਟਰਚੇਂਜ ਸਟੇਸ਼ਨਾਂ ‘ਤੇ ਮੈਟਰੋ ਬਦਲਣ (ਇੰਟਰਚੇਂਜ) ਦੀ ਸਹੂਲਤ ਆਮ ਤੌਰ ‘ਤੇ ਉਪਲਬਧ ਰਹੇਗੀ ਅਤੇ ਮੈਟਰੋ ਦੇ ਯਾਤਰੀ 3 ਨਵੰਬਰ ਤੱਕ ਇਸ ਵਿਸ਼ੇਸ਼ ਸਮਾਂ ਸਾਰਣੀ ਦਾ ਲਾਭ ਉਠਾ ਸਕਦੇ ਹਨ।
ਦਿੱਲੀ ਮੈਟਰੋ ਸਿਹਤ ਦਾ ਵੀ ਰੱਖੇਗਾ ਧਿਆਨ
ਦਿੱਲੀ ਮੈਟਰੋ ਨੇ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਖਾਸ ਕਦਮ ਚੁੱਕੇ ਹਨ, ਜਿਸ ਅਧੀਨ ਡੀ.ਐਮ.ਆਰ.ਸੀ. ਨੇ ਕਾਰਜ ਦਿਨਾਂ ਵਿੱਚ 40 ਵਾਧੂ ਫੇਰੇ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਨਿੱਜੀ ਵਾਹਨਾਂ ਦੀ ਬਜਾਏ ਮੈਟਰੋ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਾ ਹੈ, ਜਿਸ ਨਾਲ ਯਾਤਰਾਵਾਂ ਦੀ ਭੀੜ ਅਤੇ ਪ੍ਰਦੂਸ਼ਣ ਵਿੱਚ ਕਮੀ ਆਵੇਗੀ। ਇਸ ਤੋਂ ਇਲਾਵਾ, ਜੇਕਰ ਦਿੱਲੀ ਵਿੱਚ ਵਧਦੇ ਪ੍ਰਦੂਸ਼ਣ ਕਾਰਨ GRAP ਦਾ ਤੀਜਾ ਪੜਾਅ ਲਾਗੂ ਕੀਤਾ ਜਾਂਦਾ ਹੈ, ਤਾਂ ਵਾਧੂ ਯਾਤਰਾਵਾਂ ਦੀ ਗਿਣਤੀ 60 ਤੱਕ ਵਧਾਈ ਜਾ ਸਕਦੀ ਹੈ।











