ਨਵੀਂ ਦਿੱਲੀ : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਾਂਗਰਸ ਦੇ ਨਵੇਂ ਹੈੱਡਕੁਆਰਟਰ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਸਮੇਤ 400 ਦੇ ਕਰੀਬ ਆਗੂ ਮੌਜੂਦ ਸਨ।
ਨਵੇਂ ਹੈੱਡਕੁਆਰਟਰ ਦਾ ਨਾਂ ਇੰਦਰਾ ਭਵਨ ਹੈ। ਹੁਣ ਤੱਕ ਇਸ ਦਾ ਪਤਾ 24, ਅਕਬਰ ਰੋਡ ਸੀ। ਕਰੀਬ 46 ਸਾਲਾਂ ਬਾਅਦ ਨਵਾਂ ਪਤਾ ‘ਇੰਦਰਾ ਗਾਂਧੀ ਭਵਨ’ 9ਏ, ਕੋਟਲਾ ਰੋਡ ਬਣ ਗਿਆ ਹੈ। ਇਹ ਦਿੱਲੀ ਵਿੱਚ ਭਾਜਪਾ ਹੈੱਡਕੁਆਰਟਰ ਤੋਂ ਕਰੀਬ 500 ਮੀਟਰ ਦੂਰ ਹੈ। ਇਸ ਦਾ ਨੀਂਹ ਪੱਥਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੇ 2009 ਵਿੱਚ ਰੱਖਿਆ ਸੀ। ਇਹ 15 ਸਾਲਾਂ ਬਾਅਦ ਪੂਰਾ ਹੋਇਆ ਹੈ। ਨਵੇਂ ਕਾਂਗਰਸ ਦਫ਼ਤਰ ਦਾ ਮੁੱਖ ਪ੍ਰਵੇਸ਼ ਦੁਆਰ ਸਾਹਮਣੇ ਤੋਂ ਨਹੀਂ ਸਗੋਂ ਪਿਛਲੇ ਦਰਵਾਜ਼ੇ ਤੋਂ ਹੈ। ਇਸ ਦਾ ਕਾਰਨ ਭਾਜਪਾ ਹੈ।
ਦਰਅਸਲ, ਦਫ਼ਤਰ ਦਾ ਸਾਹਮਣੇ ਦਾ ਪ੍ਰਵੇਸ਼ ਦੁਆਰ ਦੀਨਦਿਆਲ ਉਪਾਧਿਆਏ ਮਾਰਗ ‘ਤੇ ਹੈ। ਅਜਿਹੇ ‘ਚ ਪਤੇ ‘ਤੇ ਇਹ ਨਾਂ ਨਜ਼ਰ ਆਉਣਾ ਸੀ, ਇਸ ਲਈ ਪਾਰਟੀ ਨੇ ਫਰੰਟ ਐਂਟਰੀ ਦੀ ਬਜਾਏ ਕੋਟਲਾ ਰੋਡ ‘ਤੇ ਖੁੱਲ੍ਹਣ ਵਾਲੇ ਬੈਕਡੋਰ ਐਂਟਰੀ ਨੂੰ ਚੁਣਿਆ। ਸੂਤਰਾਂ ਅਨੁਸਾਰ ਕਾਂਗਰਸ ਨਵੇਂ ਦਫ਼ਤਰ ਵਿੱਚ ਸ਼ਿਫਟ ਹੋਣ ਤੋਂ ਬਾਅਦ ਵੀ ਆਪਣਾ ਪੁਰਾਣਾ ਦਫ਼ਤਰ ਖਾਲੀ ਨਹੀਂ ਕਰੇਗੀ। ਇੱਥੇ ਵੱਡੇ ਲੀਡਰਾਂ ਦੀਆਂ ਮੀਟਿੰਗਾਂ ਹੋਣਗੀਆਂ। ਕਾਂਗਰਸ ਤੋਂ ਪਹਿਲਾਂ ਭਾਜਪਾ ਨੇ ਵੀ ਆਪਣਾ ਪੁਰਾਣਾ ਦਫ਼ਤਰ 11, ਅਸ਼ੋਕ ਰੋਡ ਦੀਨਦਿਆਲ ਉਪਾਧਿਆਏ ਮਾਰਗ ਸਥਿਤ ਨਵੇਂ ਦਫ਼ਤਰ ਵਿੱਚ ਸ਼ਿਫਟ ਕਰਨ ਤੋਂ ਬਾਅਦ ਵੀ ਨਹੀਂ ਛੱਡਿਆ ਹੈ।