ਨਵੀਂ ਦਿੱਲੀ : ਬੀਸੀਸੀਆਈ ਨੂੰ ਆਪਣਾ ਨਵਾਂ ਸਕੱਤਰ ਮਿਲ ਗਿਆ ਹੈ। ਦੇਵਜੀਤ ਸੈਕੀਆ ਬੀਸੀਸੀਆਈ ਦੇ ਸਕੱਤਰ ਬਣੇ ਹਨ, ਜਦੋਂ ਕਿ ਪ੍ਰਭਤੇਜ ਸਿੰਘ ਭਾਟੀਆ ਨੂੰ ਖਜ਼ਾਨਚੀ ਚੁਣਿਆ ਗਿਆ ਹੈ। ਐਤਵਾਰ ਨੂੰ ਬੀਸੀਸੀਆਈ ਦੀ ਵਿਸ਼ੇਸ਼ ਜਨਰਲ ਮੀਟਿੰਗ (ਐਸਜੀਐਮ) ਵਿੱਚ ਦੋਵਾਂ ਨੂੰ ਬਿਨਾਂ ਮੁਕਾਬਲਾ ਚੁਣਿਆ ਗਿਆ।
ਸੈਕੀਆ ਅਤੇ ਭਾਟੀਆ ਨੇ ਪਿਛਲੇ ਹਫ਼ਤੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਸਨ। ਉਨ੍ਹਾਂ ਤੋਂ ਇਲਾਵਾ ਕਿਸੇ ਹੋਰ ਨੇ ਨਾਮਜ਼ਦਗੀ ਫਾਰਮ ਨਹੀਂ ਭਰਿਆ। ਸੈਕੀਆ ਨੇ ਪਿਛਲੇ ਮਹੀਨੇ ਦਸੰਬਰ ‘ਚ ਸਾਬਕਾ ਸਕੱਤਰ ਜੈ ਸ਼ਾਹ ਤੋਂ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੂੰ ਅੰਤਰਿਮ ਸਕੱਤਰ ਬਣਾਇਆ ਗਿਆ ਸੀ। ਜੈ ਸ਼ਾਹ ਨੂੰ ਆਈਸੀਸੀ ਦਾ ਚੇਅਰਮੈਨ ਬਣਾਇਆ ਗਿਆ ਹੈ, ਜਿਸ ਕਾਰਨ ਉਨ੍ਹਾਂ ਨੇ ਬੀਸੀਸੀਆਈ ਸਕੱਤਰ ਦਾ ਅਹੁਦਾ ਛੱਡ ਦਿੱਤਾ ਸੀ।
ਦੇਵਜੀਤ ਸੈਕੀਆ ਨੂੰ 6 ਦਸੰਬਰ ਨੂੰ ਹੀ ਬੀਸੀਸੀਆਈ ਦਾ ਅੰਤਰਿਮ ਸਕੱਤਰ ਬਣਾਇਆ ਗਿਆ ਸੀ। ਉਹ ਅਸਾਮ ਕ੍ਰਿਕਟ ਸੰਘ ਦਾ ਹਿੱਸਾ ਹੈ। ਸੈਕੀਆ ਨੇ ਜੈ ਸ਼ਾਹ ਦੀ ਥਾਂ ਲੈ ਲਈ ਹੈ। ਪਹਿਲਾਂ ਖਬਰਾਂ ਸਨ ਕਿ ਅਰੁਣ ਜੇਤਲੀ ਦੇ ਬੇਟੇ ਰੋਹਨ ਜੇਤਲੀ ਸਕੱਤਰ ਬਣਨਗੇ, ਪਰ ਪਿਛਲੇ ਮਹੀਨੇ ਹੀ ਸੰਯੁਕਤ ਸਕੱਤਰ ਸੈਕੀਆ ਦਾ ਨਾਂ ਸਾਹਮਣੇ ਆਇਆ ਸੀ। ਦੂਜੇ ਪਾਸੇ, ਭਾਟੀਆ ਛੱਤੀਸਗੜ੍ਹ ਕ੍ਰਿਕਟ ਸੰਘ ਦਾ ਹਿੱਸਾ ਹਨ। ਉਹ ਆਸ਼ੀਸ਼ ਸ਼ੈਲਰ ਦੀ ਥਾਂ ਖਜ਼ਾਨਚੀ ਦਾ ਅਹੁਦਾ ਸੰਭਾਲਣਗੇ।