Home ਪੰਜਾਬ ਪਰਲਜ਼ ਗਰੁੱਪ ਦੇ ਸੰਸਥਾਪਕ ਨਿਰਮਲ ਸਿੰਘ ਭੰਗੂ ਦਾ ਦਿੱਲੀ ਦੇ ਹਸਪਤਾਲ ‘ਚ...

ਪਰਲਜ਼ ਗਰੁੱਪ ਦੇ ਸੰਸਥਾਪਕ ਨਿਰਮਲ ਸਿੰਘ ਭੰਗੂ ਦਾ ਦਿੱਲੀ ਦੇ ਹਸਪਤਾਲ ‘ਚ ਹੋਇਆ ਦੇਹਾਂਤ

0
80

ਨਵੀਂ ਦਿੱਲੀ: ਪਰਲਜ਼ ਗਰੁੱਪ ਦੇ ਸੰਸਥਾਪਕ ਨਿਰਮਲ ਸਿੰਘ ਭੰਗੂ (Pearls Group Founder Nirmal Singh Bhangu) ਦਾ ਦਿੱਲੀ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਕਈ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਦੱਸ ਦੇਈਏ ਕਿ ਭੰਗੂ ਨੂੰ ਸੀ.ਬੀ.ਆਈ. ਨੇ 45,000 ਕਰੋੜ ਰੁਪਏ ਦੇ ਪੋਂਜ਼ੀ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਨਾਲ ਕਰੀਬ 5 ਕਰੋੜ ਰੁਪਏ ਦਾ ਨਿਵੇਸ਼ ਪ੍ਰਭਾਵਿਤ ਹੋਇਆ ਸੀ। ਖ਼ਬਰਾਂ ਮੁਤਾਬਕ ਤਿਹਾੜ ਜੇਲ੍ਹ ‘ਚ ਭੰਗੂ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੱਛਮੀ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਅਤੇ ਸੀ.ਬੀ.ਆਈ. ਵੱਲੋਂ ਇਸ ਦੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।

ਜ਼ਮੀਨੀ ਸੌਦਿਆਂ ਰਾਹੀਂ ਪੰਜ ਕਰੋੜ ਨਿਵੇਸ਼ਕਾਂ ਨੂੰ 45,000 ਕਰੋੜ ਰੁਪਏ ਦੇ ਮੁਨਾਫ਼ੇ ਵਾਲੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਭੰਗੂ ਅਤੇ ਤਿੰਨ ਹੋਰਾਂ ਨੂੰ ਸੀ.ਬੀ.ਆਈ. ਨੇ ਜਨਵਰੀ 2016 ਵਿੱਚ ਗ੍ਰਿਫ਼ਤਾਰ ਕੀਤਾ ਸੀ। ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਪਰਲਜ਼ ਗਰੁੱਪ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਤਾਂ ਜੋ ਅਰਬਾਂ ਰੁਪਏ ਦੇ ਇਸ ਚਿੱਟ ਫੰਡ ਘੁਟਾਲੇ ਵਿੱਚ ਫਸੇ ਲੋਕਾਂ ਦਾ ਪੈਸਾ ਵਾਪਸ ਕੀਤਾ ਜਾ ਸਕੇ।

ਸੀ.ਬੀ.ਆਈ. ਨੇ 19 ਫਰਵਰੀ 2014 ਨੂੰ ਇਸ ਘੁਟਾਲੇ ਦੀ ਜਾਂਚ ਸ਼ੁਰੂ ਕੀਤੀ ਸੀ। ਦੋਸ਼ ਹੈ ਕਿ ਪਰਲਜ਼ ਗਰੁੱਪ ਨੇ ਆਪਣੀਆਂ ਦੋ ਪ੍ਰਮੁੱਖ ਕੰਪਨੀਆਂ ਪੀ.ਜੀ.ਐਫ. ਲਿਮਟਿਡ ਅਤੇ ਪੀ.ਏ.ਸੀ.ਐਲ. ਲਿਮਟਿਡ ਰਾਹੀਂ ਪੋਂਜੀ ਸਕੀਮ ਚਲਾ ਕੇ ਅਰਬਾਂ ਰੁਪਏ ਦੇ ਲਗਭਗ 5.5 ਕਰੋੜ ਨਿਵੇਸ਼ਕਾਂ ਨੂੰ ਧੋਖਾ ਦਿੱਤਾ ਹੈ।

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਰਲਜ਼ ਗਰੁੱਪ ਦੀਆਂ ਜਾਇਦਾਦਾਂ ਦੀ ਪਛਾਣ ਕੀਤੀ ਗਈ ਹੈ ਅਤੇ ਇਨ੍ਹਾਂ ਜਾਇਦਾਦਾਂ ਨੂੰ ਵੇਚਣ ਦੀ ਕਾਨੂੰਨੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਕੇਂਦਰੀ ਏਜੰਸੀ ਵੱਲੋਂ ਅਦਾਲਤੀ ਕੇਸ ਦਰਜ ਕੀਤਾ ਗਿਆ ਹੈ। ਪਰਲਜ਼ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਵੀ ਸੀ.ਬੀ.ਆਈ. ਨੇ ਗ੍ਰਿਫਤਾਰ ਕੀਤਾ ਸੀ, ਗਿੱਲ ਨੂੰ ਆਪਰੇਸ਼ਨ ਤ੍ਰਿਸ਼ੂਲ ਤਹਿਤ ਫਿਜੀ ਤੋਂ ਡਿਪੋਰਟ ਕੀਤਾ ਗਿਆ ਸੀ।