ਗਾਜ਼ਾ : ਉੱਤਰੀ ਗਾਜ਼ਾ ਵਿੱਚ ਮੰਗਲਵਾਰ ਰਾਤ ਅਤੇ ਅੱਜ ਤੜਕੇ ਘਰਾਂ ’ਤੇ ਇਜ਼ਰਾਈਲੀ ਹਵਾਈ ਹਮਲਿਆਂ ਦੀ ਇੱਕ ਲੜੀ ਵਿੱਚ ਘੱਟੋ-ਘੱਟ 22 ਬੱਚੇ ਮਾਰੇ ਗਏ। ਸਥਾਨਕ ਹਸਪਤਾਲਾਂ ਨੇ ਇਹ ਜਾਣਕਾਰੀ ਦਿੱਤੀ। ਜਬਾਲੀਆ ਦੇ ਇੰਡੋਨੇਸ਼ੀਆਈ ਹਸਪਤਾਲ ਨੇ ਕਿਹਾ ਕਿ ਹਮਲਿਆਂ ਵਿੱਚ ਘੱਟੋ-ਘੱਟ 48 ਲੋਕ ਮਾਰੇ ਗਏ ਹਨ। ਇਹ ਹਮਲੇ ਅਮਰੀਕਾ ਦੀ ਵਿਚੋਲਗੀ ਵਾਲੇ ਸਮਝੌਤੇ ਤਹਿਤ ਹਮਾਸ ਵੱਲੋਂ ਇੱਕ ਇਜ਼ਰਾਈਲੀ-ਅਮਰੀਕੀ ਬੰਧਕ ਨੂੰ ਰਿਹਾਅ ਕਰਨ ਤੋਂ ਇੱਕ ਦਿਨ ਬਾਅਦ ਹੋਏ ਹਨ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਕਿਹਾ ਕਿ ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਜੰਗ ਰੋਕਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਨੇਤਨਯਾਹੂ ਦੇ ਇਸ ਬਿਆਨ ਨਾਲ, ਜੰਗਬੰਦੀ ਦੀਆਂ ਸਾਰੀਆਂ ਉਮੀਦਾਂ ਖ਼ਤਮ ਹੋ ਗਈਆਂ।