ਨਵੀਂ ਦਿੱਲੀ : ਦਿੱਲੀ ਦੀਆਂ ਔਰਤਾਂ ਨੂੰ ਭਾਈ ਦੂਜ ਦਾ ਐਡਵਾਂਸ ਗਿਫਟ ਮਿਲਣ ਵਾਲਾ ਹੈ, ਜੋ ਸਰਕਾਰੀ ਬੱਸਾਂ ਵਿੱਚ ਉਨ੍ਹਾਂ ਦੀ ਯਾਤਰਾ ਨੂੰ ਸੌਖਾ ਬਣਾਏਗਾ। ਅਸਲ ਵਿੱਚ, ਦਿੱਲੀ ਪਰਿਵਹਨ ਨਿਗਮ (DTC) ਜਲਦ ਹੀ ਔਰਤਾਂ ਲਈ ਸਮਾਰਟ ਕਾਰਡ ਸ਼ੁਰੂ ਕਰਨ ਜਾ ਰਿਹਾ ਹੈ। ਇਸ ਕਾਰਡ ਦੇ ਰਾਹੀਂ ਉਹ ਦਿੱਲੀ ਦੀਆਂ ਸਰਕਾਰੀ ਬੱਸਾਂ ਵਿੱਚ ਮੁਫਤ ਯਾਤਰਾ ਕਰ ਸਕਣਗੀਆਂ। ਇਸ ਸਮੇਂ ਉਨ੍ਹਾਂ ਨੂੰ ਮੁਫਤ ਯਾਤਰਾ ਲਈ ਜ਼ੀਰੋ ਵੈਲਿਊ ਦਾ ਇੱਕ ਪਿੰਕ ਟਿਕਟ ਖਰੀਦਣੀ ਪੈਂਦੀ ਹੈ। ਕਾਰਡ ਲਾਂਚ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਸ ਝੰਝਟ ਤੋਂ ਵੀ ਮੁਕਤੀ ਮਿਲ ਜਾਵੇਗੀ। ਇਹ ਕਾਰਡ ਟਰਾਂਸਜੈਂਡਰ ਯਾਤਰੀਆਂ ਲਈ ਵੀ ਵੈਧ ਹੋਵੇਗਾ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਯੋਜਨਾ ਦੀਵਾਲੀ ਤੋਂ ਤੁਰੰਤ ਬਾਅਦ ਅਤੇ ਸੰਭਵ ਤੌਰ ‘ਤੇ ਭਾਈ ਦੂਜ ਦੇ ਮੌਕੇ ‘ਤੇ, ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਵਾਨਗੀ ਮਿਲਣ ‘ਤੇ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਯੋਜਨਾ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਗਈਆਂ ਹਨ, ਅਤੇ ਜ਼ਿਆਦਾਤਰ ਬੱਸਾਂ ਵਿੱਚ ਕਾਰਡ-ਰੀਡਿੰਗ ਮਸ਼ੀਨਾਂ ਲਗਾਈ ਜਾ ਚੁੱਕਿਆ ਹਨ।
ਪਿੰਕ ਟਿਕਟ ਦੀ ਜਗ੍ਹਾਂ ਲਵੇਗੀ ‘ਸਹੇਲੀ ਸਮਾਰਟ ਕਾਰਡ’
ਇਹ ਨਵਾਂ ਡਿਜੀਟਲ ਕਾਰਡ ‘ਸਹੇਲੀ ਸਮਾਰਟ ਕਾਰਡ’ ਵਜੋਂ ਜਾਣਿਆ ਜਾਵੇਗਾ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਨੇ ਆਖਿਆ, ‘ ਪਿੰਕ ਸਮਾਰਟ ਕਾਰਡ ਲਈ ਸਾਡਾ ਬੈਕਐਂਡ ਇੰਟੀਗ੍ਰੇਸ਼ਨ ਮੁਕੰਮਲ ਹੋ ਚੁੱਕਾ ਹੈ।’ ਇਹ ਸਮਾਰਟ ਕਾਰਡ ਮੌਜੂਦਾ ਪ੍ਰਬੰਧ ਵਿੱਚ ਵਰਤੇ ਜਾ ਰਹੇ ਗੁਲਾਬੀ ਪੇਪਰ ਟਿਕਟਾਂ ਦੀ ਥਾਂ ਲੈਣਗੇ, ਜਿਸ ਦੀ ਸ਼ੁਰੂਆਤ ਦਿੱਲੀ ਸਰਕਾਰ ਨੇ 2019 ਵਿੱਚ ਭਾਈ ਦੂਜ ਦੇ ਮੌਕੇ ‘ਤੇ ਹੀ ਕੀਤੀ ਸੀ ਅਤੇ ਔਰਤਾਂ ਲਈ ਬੱਸਾਂ ਵਿੱਚ ਸਫ਼ਰ ਮੁਫ਼ਤ ਕੀਤਾ ਸੀ।
ਕਿਵੇਂ ਕੰਮ ਕਰੇਗਾ ਇਹ ਸਮਾਰਟ ਕਾਰਡ?
ਇਹ ਸਮਾਰਟ ਕਾਰਡ ਇੱਕ ਸਥਾਈ ਯਾਤਰਾ ਪਾਸ (Permanent Travel Pass) ਦੇ ਰੂਪ ਵਿੱਚ ਕੰਮ ਕਰੇਗਾ ਅਤੇ ਇਸਨੂੰ ਸ਼ਹਿਰ ਵਿੱਚ ਸਾਰਵਜਨਿਕ ਯਾਤਰਾ ਪਹੁੰਚ ਨੂੰ ਡਿਜੀਟਲ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਇਹ ਸਮਾਰਟ ਕਾਰਡ ਜੀਵਨ ਭਰ ਲਈ ਵੈਧ ਹੋਵੇਗਾ, ਜਿਸ ਨਾਲ ਔਰਤਾਂ ਸਮੇਂ ਜਾਂ ਵਰਤੋਂ ‘ਤੇ ਬਿਨਾਂ ਕਿਸੇ ਪਾਬੰਦੀ ਦੇ ਦਿੱਲੀ ਸਰਕਾਰ ਦੀਆਂ ਬੱਸਾਂ ਵਿੱਚ ਮੁਫਤ ਯਾਤਰਾ ਕਰ ਸਕਣਗੀਆਂ। ਹਾਲਾਂਕਿ, ਇਹ ਸਹੂਲਤ ਸਿਰਫ਼ ਦਿੱਲੀ ਦੀਆਂ ਰਹਿਣ ਵਾਲੀਆਂ ਔਰਤਾਂ ਤੱਕ ਹੀ ਸੀਮਤ ਰਹੇਗੀ।











