ਬਿਹਾਰ: ਬਿਹਾਰ ਵਿੱਚ 2025 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚਕਾਰ, ਜਨਤਾ ਦਲ (ਯੂਨਾਈਟਿਡ) ਅੱਜ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰੇਗਾ। ਜੇ.ਡੀ.ਯੂ. ਦੇ ਸੰਸਦ ਮੈਂਬਰ ਸੰਜੇ ਕੁਮਾਰ ਝਾਅ ਨੇ ਅੱਜ , ਬੁੱਧਵਾਰ ਨੂੰ ਕਿਹਾ ਕਿ ਜੇ.ਡੀ.ਯੂ. ਦੀ ਪਹਿਲੀ ਸੂਚੀ ਅੱਜ ਦੁਪਹਿਰ ਤੱਕ ਜਾਰੀ ਕਰ ਦਿੱਤੀ ਜਾਵੇਗੀ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਚੋਣ ਮੁਹਿੰਮ ਭਲਕੇ ਸ਼ੁਰੂ ਹੋ ਰਹੀ ਹੈ। ਸਾਡੀ ਦੂਜੀ ਸੂਚੀ ਵੀ ਕੁਝ ਦਿਨਾਂ ਵਿੱਚ ਜਾਰੀ ਕਰ ਦਿੱਤੀ ਜਾਵੇਗੀ।
ਪਟਨਾ ਵਿੱਚ ਗੱਲਬਾਤ ਕਰਦਿਆਂ, ਜੇ.ਡੀ.ਯੂ. ਦੇ ਸੰਸਦ ਮੈਂਬਰ ਝਾਅ ਨੇ ਕਿਹਾ, “ਵਿਰੋਧੀ ਧਿਰ ਹਾਲੇ ਵੀ ਸੀਟਾਂ ਦੀ ਵੰਡ ‘ਤੇ ਕਿਸੇ ਫ਼ੈੈਸਲੇ ‘ਤੇ ਨਹੀਂ ਪਹੁੰਚੀ ਹੈ। ਐਨ.ਡੀ.ਏ. ਇੱਕਜੁੱਟ ਹੈ ਅਤੇ ਸਾਡਾ ਉਦੇਸ਼ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਸਰਕਾਰ ਬਣਾਉਣਾ ਹੈ। ਅਸੀਂ ਸਾਰੇ ਦਿੱਲੀ ਅਦਾਲਤ ਵਿੱਚ ਹਾਲ ਹੀ ਦੇ ਘਟਨਾਕ੍ਰਮ ਤੋਂ ਜਾਣੂ ਹਾਂ। ਜਦੋਂ ਮੁੱਖ ਮੰਤਰੀ ਭਲਕੇ ਆਪਣੀ ਮੁਹਿੰਮ ਸ਼ੁਰੂ ਕਰਨਗੇ, ਤਾਂ ਇੱਕ ਵੱਖਰਾ ਮਾਹੌਲ ਦੇਖਿਆ ਜਾਵੇਗਾ।” ਝਾਅ ਨੇ ਮੁੜ ਦੁਹਰਾਇਆ ਕਿ “ਪਾਰਟੀ ਦੇ ਅੰਦਰ ਕੋਈ ਸਮੱਸਿਆ ਨਹੀਂ ਹੈ,” ਅਤੇ ਕੋਈ ਵੀ ਫ਼ੈੈਸਲਾ ਨਿਤੀਸ਼ ਕੁਮਾਰ ਦੀ ਸਹਿਮਤੀ ਤੋਂ ਬਾਅਦ ਹੀ ਲਿਆ ਗਿਆ ਹੈ।
“ਜੇ.ਡੀ.ਯੂ. ਦੇ ਅੰਦਰ ਕੋਈ ਸਮੱਸਿਆ ਨਹੀਂ “
ਝਾਅ ਨੇ ਕਿਹਾ, “ਜੇ.ਡੀ.ਯੂ. ਦੇ ਅੰਦਰ ਕੋਈ ਸਮੱਸਿਆ ਨਹੀਂ ਹੈ। ਜੇ.ਡੀ.ਯੂ. ਵਿੱਚ ਲਿਆ ਗਿਆ ਕੋਈ ਵੀ ਫ਼ੈਸਲਾ ਨਿਤੀਸ਼ ਕੁਮਾਰ ਦੀ ਸਹਿਮਤੀ ਨਾਲ ਕੀਤਾ ਜਾਂਦਾ ਹੈ। ਉਹ ਇੱਕ ਲੋਕਤੰਤਰੀ ਵਿਅਕਤੀ ਹਨ। ਉਹ ਇੱਕ ਤਾਨਾਸ਼ਾਹੀ ਵਿਅਕਤੀ ਨਹੀਂ ਹਨ।” ਝਾਅ ਨੇ ਬਾਅਦ ਵਿੱਚ ਕਿਹਾ, “ਅਸੀਂ ਨਿਤੀਸ਼ ਕੁਮਾਰ ਦੇ ਚਿਹਰੇ ‘ਤੇ ਚੋਣਾਂ ਲੜ ਰਹੇ ਹਾਂ।” 14 ਨਵੰਬਰ ਨੂੰ ਨਿਤੀਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਬਣਨਗੇ… ਬਿਹਾਰ ਦੀਆਂ 50% ਔਰਤਾਂ ਨਿਤੀਸ਼ ਕੁਮਾਰ ਨੂੰ ਵੋਟ ਪਾਉਣਗੀਆਂ। ਚੋਣ ਨਤੀਜੇ ਬੇਮਿਸਾਲ ਹੋਣਗੇ…”
ਮਹਾਂਗਠਜੋੜ ਦੇ ਸਹਿਯੋਗੀਆਂ ਵਿਚਕਾਰ ਚੱਲ ਰਹੀਆਂ ਹਨ ਮੀਟਿੰਗਾਂ
ਦੱਸ ਦੇਈਏ ਕਿ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਨੇ ਬਿਹਾਰ ਚੋਣਾਂ ਲਈ ਸੀਟਾਂ ਦੀ ਵੰਡ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ, ਜਦੋਂ ਕਿ ਮਹਾਂਗਠਜੋੜ ਨੇ ਹਾਲੇੇ ਤੱਕ ਅਜਿਹਾ ਨਹੀਂ ਕੀਤਾ ਹੈ। ਸੀਟਾਂ ਦੀ ਵੰਡ ਲਈ ਸਹਿਮਤੀ ਫਾਰਮੂਲੇ ‘ਤੇ ਪਹੁੰਚਣ ਲਈ ਮਹਾਂਗਠਜੋੜ ਦੇ ਸਹਿਯੋਗੀਆਂ ਵਿਚਕਾਰ ਮੀਟਿੰਗਾਂ ਚੱਲ ਰਹੀਆਂ ਹਨ। 243 ਸੀਟਾਂ ਵਾਲੀ ਬਿਹਾਰ ਵਿਧਾਨ ਸਭਾ ਲਈ ਵੋਟਿੰਗ 6 ਅਤੇ 11 ਨਵੰਬਰ ਨੂੰ ਹੋਣੀ ਹੈ ਅਤੇ ਗਿਣਤੀ 14 ਨਵੰਬਰ ਨੂੰ ਹੋਵੇਗੀ।











