ਰਾਜਸਥਾਨ : ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਵਿੱਚ ਬੀਤੇ ਦਿਨ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਸੂਰਤਗੜ੍ਹ-ਅਨੂਪਗੜ੍ਹ ਸਟੇਟ ਹਾਈਵੇਅ 94 ‘ਤੇ ਪਿੰਡ 5 ਜੀਬੀ ਪੁਲੀਆ ਨੇੜੇ ਇੱਕ ਤੇਜ਼ ਰਫ਼ਤਾਰ ਐਸ.ਯੂ.ਵੀ. ਕਾਰ ਕੰਟਰੋਲ ਗੁਆ ਬੈਠੀ ਅਤੇ ਇੱਕ ਟਰੱਕ ਵਿੱਚ ਜਾ ਵੱਜੀ। ਇਸ ਭਿਆਨਕ ਟੱਕਰ ਵਿੱਚ ਕਾਰ ਵਿੱਚ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ।
ਰਿਪੋਰਟਾਂ ਅਨੁਸਾਰ, ਇਹ ਹਾਦਸਾ ਅੱਜ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਟਰੱਕ ਅਨੂਪਗੜ੍ਹ ਵੱਲ ਜਾ ਰਿਹਾ ਸੀ। ਹਾਈਵੇਅ ‘ਤੇ ਸਥਿਤ ਖ਼ਤਰਨਾਕ ਮੋੜ ‘ਤੇ ਟਰੱਕ ਹੌਲੀ ਹੋ ਗਿਆ, ਪਰ ਪਿੱਛੇ ਤੋਂ ਆ ਰਹੀ ਐਸਯੂਵੀ ਤੇਜ਼ ਰਫ਼ਤਾਰ ਨਾਲ ਸਿੱਧੀ ਟਰੱਕ ਵਿੱਚ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਸਯੂਵੀ ਬੁਰੀ ਤਰ੍ਹਾਂ ਟੁੱਟ ਗਈ, ਅਤੇ ਉਸ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਪੁਲਿਸ ਨੂੰ ਗੱਡੀ ਦੇ ਕੁਝ ਹਿੱਸੇ ਕੱਟਣੇ ਪਏ।
ਦੋ ਲੋਕ ਜ਼ਖਮੀ, ਇਲਾਜ ਜਾਰੀ
ਹਾਦਸੇ ਵਿੱਚ ਜਾਨ ਗੁਆਉਣ ਵਾਲੇ ਨੌਜਵਾਨਾਂ ਦੀ ਪਛਾਣ ਸੁਰੇਂਦਰ, ਨਰੇਸ਼ ਕੁਮਾਰ ਅਤੇ ਕਾਲੂਰਾਮ ਵਜੋਂ ਹੋਈ ਹੈ। ਇਹ ਤਿੰਨੋਂ ਅਨੂਪਗੜ੍ਹ ਖੇਤਰ ਦੇ ਪਿੰਡ 2 ਪੀ.ਜੀ.ਐਮ. ਦੇ ਵਸਨੀਕ ਹਨ। ਦੋ ਜ਼ਖਮੀ ਨੌਜਵਾਨਾਂ, ਸੁਖਦੇਵ ਸਿੰਘ ਅਤੇ ਜਗਦੀਸ਼ ਨੂੰ ਸ਼੍ਰੀ ਗੰਗਾਨਗਰ ਜ਼ਿਲ੍ਹਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪ੍ਰਸ਼ਾਸਨ ਨੇ ਮੁਰਦਾਘਰ ਵਿੱਚ ਰਖਵਾਇਆ ਲਾਸ਼ਾਂ
ਪੁਲਿਸ ਅਤੇ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਨੂੰ ਸੰਭਾਲਿਆ ਅਤੇ ਲਾਸ਼ਾਂ ਨੂੰ ਮੁਰਦਾਘਰ ਵਿੱਚ ਭੇਜਿਆ। ਦੋ ਲਾਸ਼ਾਂ ਸੂਰਤਗੜ੍ਹ ਅਤੇ ਇੱਕ ਜੈਤਸਰ ਦੇ ਮੁਰਦਾਘਰ ਵਿੱਚ ਰੱਖੀਆਂ ਗਈਆਂ ਹਨ। ਮੁੱਢਲੀ ਜਾਂਚ ਵਿੱਚ ਇਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਮੋੜ ’ਤੇ SUV ਚਾਲਕ ਰਫਤਾਰ ’ਤੇ ਕੰਟਰੋਲ ਨਹੀਂ ਰੱਖ ਸਕਿਆ, ਜਿਸ ਨਾਲ ਇਹ ਹਾਦਸਾ ਹੋਇਆ। ਫਿਲਹਾਲ, ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਵਿਸਤ੍ਰਿਤ ਪੜਤਾਲ ਜਾਰੀ ਹੈ।











