ਜਲੰਧਰ: ਅਰਬਨ ਸਟੇਟ ਫੇਜ਼-1 ਵਿੱਚ ਇੱਕ ਐਕਟਿਵਾ ਸਵਾਰ ਦੋ ਲੁਟੇਰੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਲੱਕੀ ਸੰਧੂ (District Youth Congress President Lucky Sandhu) ਦੀ ਪਤਨੀ ਤੋਂ ਮੋਬਾਈਲ ਫੋਨ (Mobile Phone) ਲੁੱਟ ਕੇ ਫਰਾਰ ਹੋ ਗਏ। ਲੁੱਟ ਤੋਂ ਬਾਅਦ ਐਕਟਿਵਾ ਸਵਾਰ ਦੋਵੇਂ ਬਦਮਾਸ਼ ਸੜਕ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ‘ਚ ਕੈਦ ਹੋ ਗਏ।
ਸੀ.ਸੀ.ਟੀ.ਵੀ. ਫੁਟੇਜ ਮੁਤਾਬਕ ਦੋ ਨੌਜਵਾਨ ਐਕਟਿਵਾ ’ਤੇ ਸੜਕ ’ਤੇ ਆਏ। ਇਨ੍ਹਾਂ ‘ਚੋਂ ਇਕ ਵਿਅਕਤੀ ਹੇਠਾਂ ਉਤਰ ਕੇ ਗਲੀ ਦੇ ਦੂਜੇ ਮੋੜ ‘ਤੇ ਚਲਾ ਗਿਆ ਅਤੇ ਫਿਰ ਐਕਟਿਵਾ ‘ਤੇ ਆਪਣੇ ਸਾਥੀ ਨਾਲ ਭੱਜ ਗਿਆ। ਇਸ ਦੌਰਾਨ ਮਹਿਲਾ ਉਨ੍ਹਾਂ ਨੂੰ ਫੜਨ ਲਈ ਪਿੱਛੇ ਤੋਂ ਭੱਜੀ ਪਰ ਲੁਟੇਰੇ ਫਰਾਰ ਹੋ ਚੁੱਕੇ ਸਨ।
ਥਾਣਾ-7 ਦੀ ਪੁਲਿਸ ਨੇ ਬਿਆਨ ਦਰਜ ਕਰ ਲਏ ਹਨ। ਪੁਲਿਸ ਮੁਲਜ਼ਮਾਂ ਦੀ ਭਾਲ ਲਈ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਲੱਕੀ ਸੰਧੂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਸ ਦੀ ਪਤਨੀ ਲਾਰੈਂਸ ਸੰਧੂ ਅਤੇ ਭੈਣ ਪੁਸ਼ਪਿੰਦਰ ਕੌਰ ਆਪਣੀ ਭਤੀਜੀ ਨਾਲ ਕਾਰ ਵਿੱਚ ਬਾਹਰੋਂ ਆਏ ਸਨ। ਜਿਵੇਂ ਹੀ ਉਹ ਕਾਰ ਤੋਂ ਉਤਰ ਕੇ ਘਰ ਅੰਦਰ ਵੜਨ ਲੱਗੇ ਤਾਂ ਐਕਟਿਵਾ ‘ਤੇ ਦੋ ਨੌਜਵਾਨ ਆਏ।
ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਨੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਧਮਕੀਆਂ ਦਿੱਤੀਆਂ ਅਤੇ ਉਸ ਦੀ ਸਾਢੇ ਤਿੰਨ ਸਾਲਾ ਭਤੀਜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਬੱਚੇ ਨੂੰ ਬਚਾਉਣ ਲਈ ਪਤਨੀ ਨੇ ਉਸ ਨੂੰ ਕੱਸ ਕੇ ਫੜ ਲਿਆ। ਇਸ ਦੌਰਾਨ ਉਸ ਦਾ ਆਈਫੋਨ ਡਿੱਗ ਗਿਆ ਅਤੇ ਲੁਟੇਰੇ ਇਸ ਨੂੰ ਲੈ ਕੇ ਭੱਜ ਗਏ।