ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਆਪਣੀ ਤਿਆਰੀ ਸ਼ੁਰੂ ਕਰ ਦਿਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਦਸੰਬਰ ਨੂੰ ਦਿੱਲੀ ਚੋਣਾਂ ਲਈ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਹਫ਼ਤੇ ਉਹ ਦੋ ਰੈਲੀਆਂ ਵਿੱਚ ਹਿੱਸਾ ਲੈਣਗੇ। ਦੂਜੀ ਰੈਲੀ 3 ਜਨਵਰੀ ਨੂੰ ਕੀਤੀ ਜਾਵੇਗੀ।
ਪੀਐਮ ਮੋਦੀ 29 ਦਸੰਬਰ ਨੂੰ ਰਿਠਾਲਾ ਵਿੱਚ ਨਵੀਂ ਮੈਟਰੋ ਲਾਈਨ ਦਾ ਨੀਂਹ ਪੱਥਰ ਰੱਖਣਗੇ। ਇਸ ਦੇ ਨਾਲ ਹੀ ਉਹ ਦੇਸ਼ ਦੇ ਪਹਿਲੇ ਸੈਮੀ-ਹਾਈ-ਸਪੀਡ ਰੇਲ ਕਾਰੀਡੋਰ ਦੇ ਤੀਜੇ ਪੜਾਅ ਦਾ ਉਦਘਾਟਨ ਵੀ ਕਰਨਗੇ। ਇਸ ਪ੍ਰੋਜੈਕਟ ਨੂੰ ਦਿੱਲੀ-ਮੇਰਠ ਰੈਪਿਡ ਰੇਲ ਪ੍ਰੋਜੈਕਟ ਵੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਪੀਐਮ ਮੋਦੀ ਰੋਹਿਣੀ ਦੇ ਜਾਪਾਨੀ ਪਾਰਕ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕਰਨਗੇ। ਇਸਦੇ ਨਾਲ ਹੀ 3 ਜਨਵਰੀ ਨੂੰ ਪ੍ਰੋਗਰਾਮ ‘ਚ ਪ੍ਰਧਾਨ ਮੰਤਰੀ ਉੱਤਰ-ਪੂਰਬੀ ਦਿੱਲੀ ‘ਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਜਾ ਰਹੇ ਹਨ। ਇਸ ਵਿੱਚ ਦਿੱਲੀ ਤੋਂ ਸਹਾਰਨਪੁਰ ਤੱਕ ਦਾ ਨਵਾਂ ਹਾਈਵੇਅ ਵੀ ਸ਼ਾਮਲ ਹੈ।
ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਦਿੱਲੀ ਦੀਆਂ ਔਰਤਾਂ ਲਈ ਕੁਝ ਅਹਿਮ ਐਲਾਨ ਕਰ ਸਕਦੇ ਹਨ। ਮੋਦੀ 29 ਦਸੰਬਰ ਨੂੰ ਦਿੱਲੀ-ਮੇਰਠ ਰੈਪਿਡ ਰੇਲ ਦੇ ਤੀਜੇ ਪੜਾਅ ਦਾ ਉਦਘਾਟਨ ਕਰਨਗੇ। ਉਹ ਗਾਜ਼ੀਆਬਾਦ ਦੇ ਸਾਹਿਬਾਬਾਦ ਤੋਂ ਆਨੰਦ ਵਿਹਾਰ ਸਟੇਸ਼ਨ ਤੱਕ ਨਮੋ ਭਾਰਤ ਟਰੇਨ ਨੂੰ ਹਰੀ ਝੰਡੀ ਦਿਖਾਉਣਗੇ। ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਨੇ ਸਾਰੀਆਂ 70 ਸੀਟਾਂ ‘ਤੇ ਉਮੀਦਵਾਰ ਉਤਾਰੇ ਹਨ। ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਚੋਣ ਲੜਨਗੇ। ਸੀਐਮ ਆਤਿਸ਼ੀ ਨੂੰ ਕਾਲਕਾਜੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਸੌਰਭ ਭਾਰਦਵਾਜ ਗ੍ਰੇਟਰ ਕੈਲਾਸ਼ ਤੋਂ, ਸਤੇਂਦਰ ਜੈਨ ਸ਼ਕੂਰ ਬਸਤੀ ਤੋਂ ਚੋਣ ਲੜਨਗੇ।