ਨਵੀਂ ਦਿੱਲੀ : ਮਨੂ ਭਾਕਰ ਨੇ ਪੈਰਿਸ ਓਲੰਪਿਕ ‘ਚ ਆਪਣੀ ਖੇਡ ਨਾਲ ਸਭ ਨੂੰ ਹੈਰਾਨ ਕਰਕੇ ਰੱਖ ਦਿਤਾ ਸੀ। ਪੈਰਿਸ ਓਲੰਪਿਕ ‘ਚ 2 ਕਾਂਸੀ ਦੇ ਤਗਮੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਸਰਕਾਰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਦੇ ਸਕਦੀ ਹੈ।
ਮਨੂ ਭਾਕਰ ਦਾ ਨਾਂ ਖੇਡ ਪੁਰਸਕਾਰਾਂ ਲਈ ਸ਼ਾਰਟਲਿਸਟ ਕੀਤੇ ਗਏ ਖਿਡਾਰੀਆਂ ‘ਚ ਨਹੀਂ ਸੀ। ਖਬਰਾਂ ਮੁਤਾਬਕ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐੱਨ.ਆਰ.ਏ.ਆਈ.) ਨੇ ਖੇਡ ਰਤਨ ਲਈ ਮਨੂ ਭਾਕਰ ਦਾ ਨਾਂ ਨਹੀਂ ਭੇਜਿਆ ਸੀ, ਪਰ ਇਸ ‘ਤੇ ਵਿਵਾਦ ਤੋਂ ਬਾਅਦ ਹੁਣ ਐਸੋਸੀਏਸ਼ਨ ਨੇ ਖੁਦ ਹੀ ਨਾਮਜ਼ਦਗੀ ਲਈ ਖੇਡ ਮੰਤਰਾਲੇ ਕੋਲ ਪਹੁੰਚ ਕੀਤੀ ਹੈ।
ਖੇਡ ਮੰਤਰਾਲਾ ਖੁਦ ਹੁਣ ਮਨੂ ਦੀ ਨਾਮਜ਼ਦਗੀ ਦੀ ਤਿਆਰੀ ਕਰ ਰਿਹਾ ਹੈ। ਮੰਤਰਾਲਾ ਧਾਰਾ 5.1 ਅਤੇ 5.2 ਦੇ ਤਹਿਤ ਮਨੂ ਨੂੰ ਨਾਮਜ਼ਦ ਕਰ ਸਕਦਾ ਹੈ। ਨਿਯਮਾਂ ‘ਚ ਕਿਹਾ ਗਿਆ ਹੈ ਕਿ ਜੇਕਰ ਖਿਡਾਰੀ ਖੇਲ ਰਤਨ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਦਾ ਹੈ ਤਾਂ ਉਹ ਖੁਦ ਪੁਰਸਕਾਰ ਲਈ ਆਪਣਾ ਨਾਂ ਭੇਜ ਸਕਦਾ ਹੈ। ਇਸ ਤੋਂ ਇਲਾਵਾ ਮੰਤਰਾਲੇ ਕੋਲ ਅਜਿਹੇ 2 ਨਾਂ ਭੇਜਣ ਦਾ ਅਧਿਕਾਰ ਵੀ ਹੈ। ਇੱਕ ਦਿਨ ਪਹਿਲਾਂ ਮਨੂ ਭਾਕਰ ਦੇ ਪਿਤਾ ਰਾਮਕਿਸ਼ਨ ਭਾਕਰ ਨੇ ਕਿਹਾ ਸੀ ਕਿ ਮਨੂ ਨੂੰ ਖੇਡ ਰਤਨ ਪੁਰਸਕਾਰ ਲਈ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਰਾਸ਼ਟਰੀ ਖੇਡ ਪੁਰਸਕਾਰ ਦੀ ਨਾਮਜ਼ਦਗੀ ਸੂਚੀ ਵਿਵਾਦਾਂ ‘ਚ ਘਿਰ ਗਈ ਸੀ। ਇਸ ਤੋਂ ਪਹਿਲਾਂ ਮਨੂ ਭਾਕਰ ਦਾ ਨਾਮ ਇਸ ਸੂਚੀ ਵਿੱਚ ਨਹੀਂ ਸੀ।