Sports News : ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਵਿਚਕਾਰ, ਬੀ.ਸੀ.ਸੀ.ਆਈ ਨੇ ਆਈ.ਪੀ.ਐਲ ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਸੀ। 18ਵੇਂ ਸੀਜ਼ਨ ਦੇ 58 ਮੈਚ ਖੇਡੇ ਗਏ ਸਨ, ਜਿਸ ਵਿੱਚ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਖੇਡਿਆ ਗਿਆ ਮੈਚ ਵੀ ਸ਼ਾਮਲ ਸੀ। ਇਸ ਮੈਚ ਨੂੰ ਵਿਚਕਾਰ ਹੀ ਰੋਕ ਦਿੱਤਾ ਗਿਆ ਸੀ ਅਤੇ ਇਸ ਲਈ ਇਸ ਮੈਚ ਦਾ ਕੋਈ ਨਤੀਜਾ ਨਾ ਨਿਕਲ ਸਕੀਆਂ।। ਹਾਲਾਂਕਿ, ਹੁਣ ਬੀ.ਸੀ.ਸੀ.ਆਈ ਨੇ ਇਸ ਮੈਚ ਨੂੰ ਦੁਬਾਰਾ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ ਹੈ। ਦੋਵੇਂ ਟੀਮਾਂ 24 ਮਈ ਨੂੰ ਜੈਪੁਰ ਵਿੱਚ ਭਿੜਨਗੀਆਂ।
ਬੀ.ਸੀ.ਸੀ.ਆਈ ਨੇ ਅੱਜ ਆਈ.ਪੀ.ਐਲ 2025 ਸੀਜ਼ਨ ਦੇ ਬਾਕੀ 17 ਮੈਚਾਂ ਦੇ ਸ਼ਡਿਊਲ ਦਾ ਐਲਾਨ ਕੀਤਾ। ਛੇ ਮੈਦਾਨਾਂ ‘ਤੇ ਬਾਕੀ ਬਚੇ ਮੈਚ ਖੇਡੇ ਜਾਣਗੇ ਜਿਨ੍ਹਾਂ ਵਿੱਚ ਬੈਂਗਲੁਰੂ, ਜੈਪੁਰ, ਦਿੱਲੀ, ਲਖਨਊ, ਮੁੰਬਈ ਅਤੇ ਅਹਿਮਦਾਬਾਦ ਸ਼ਾਮਲ ਹਨ। ਨਵੇਂ ਸ਼ਡਿਊਲ ਵਿੱਚ ਦੋ ਡਬਲ ਹੈਡਰ ਵੀ ਸ਼ਾਮਲ ਹਨ। ਪਹਿਲਾ ਡਬਲ ਹੈਡਰ 18 ਮਈ ਨੂੰ ਹੈ। ਐਤਵਾਰ ਦੁਪਹਿਰ ਨੂੰ ਰਾਜਸਥਾਨ ਰਾਇਲਜ਼ ਦਾ ਸਾਹਮਣਾ ਜੈਪੁਰ ਵਿੱਚ ਪੰਜਾਬ ਕਿੰਗਜ਼ ਨਾਲ ਹੋਵੇਗਾ, ਜਦੋਂ ਕਿ ਉਸੇ ਦਿਨ ਸ਼ਾਮ ਨੂੰ, ਦਿੱਲੀ ਕੈਪੀਟਲਜ਼ ਦਾ ਸਾਹਮਣਾ ਦਿੱਲੀ ਵਿੱਚ ਗੁਜਰਾਤ ਟਾਈਟਨਜ਼ ਨਾਲ ਹੋਵੇਗਾ। ਜਦੋਂ ਕਿ, ਦੂਜਾ ਡਬਲ ਹੈਡਰ 25 ਮਈ ਨੂੰ ਹੋਵੇਗਾ। ਐਤਵਾਰ ਨੂੰ ਗੁਜਰਾਤ ਟਾਈਟਨਜ਼ ਦਾ ਸਾਹਮਣਾ ਦੁਪਹਿਰ 12 ਵਜੇ ਚੇਨਈ ਸੁਪਰ ਕਿੰਗਜ਼ ਨਾਲ ਹੋਵੇਗਾ ਜਦੋਂ ਕਿ ਸਨਰਾਈਜ਼ਰਜ਼ ਹੈਦਰਾਬਾਦ ਦਾ ਸਾਹਮਣਾ ਸ਼ਾਮ 7:30 ਵਜੇ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ। 28 ਮਈ, 31 ਮਈ ਅਤੇ 2 ਜੂਨ ਨੂੰ ਕੋਈ ਮੈਚ ਨਹੀਂ ਖੇਡੇ ਜਾਣਗੇ।
ਪਲੇਆਫ 29 ਮਈ ਤੋਂ ਸ਼ੁਰੂ ਹੋਣਗੇ। ਪਹਿਲਾ ਕੁਆਲੀਫਾਇਰ ਮੈਚ 29 ਮਈ ਨੂੰ ਹੋਵੇਗਾ। 30 ਮਈ ਨੂੰ ਐਲੀਮੀਨੇਟਰ ਖੇਡਿਆ ਜਾਵੇਗਾ। ਦੂਜਾ ਕੁਆਲੀਫਾਇਰ 1 ਜੂਨ ਨੂੰ ਖੇਡਿਆ ਜਾਵੇਗਾ ਜਦੋਂ ਕਿ ਫਾਈਨਲ ਮੈਚ 3 ਜੂਨ ਨੂੰ ਹੋਵੇਗਾ। ਇਨ੍ਹਾਂ ਚਾਰ ਮੈਚਾਂ ਦੇ ਸਥਾਨਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
ਆਈ.ਪੀ.ਐਲ 2025 ਸੀਜ਼ਨ ਦੇ ਮੁਲਤਵੀ ਹੋਣ ਤੱਕ ਗੁਜਰਾਤ ਟਾਈਟਨਸ ਅੰਕ ਸੂਚੀ ਵਿੱਚ ਸਿਖਰ ‘ਤੇ ਸੀ। ਗੁਜਰਾਤ 11 ਮੈਚਾਂ ਵਿੱਚ ਅੱਠ ਜਿੱਤਾਂ ਅਤੇ ਤਿੰਨ ਹਾਰਾਂ ਨਾਲ 16 ਅੰਕਾਂ ਨਾਲ ਪਹਿਲੇ ਸਥਾਨ ‘ਤੇ ਸੀ। ਦੂਜੇ ਸਥਾਨ ‘ਤੇ ਆਰ.ਸੀ.ਬੀ ਦੀ ਟੀਮ ਸੀ ਜਿਸਦੇ ਮੈਚਾਂ ਵਿੱਚ ਗੁਜਰਾਤ ਦੇ ਬਰਾਬਰ ਅੰਕ ਹਨ। ਤੀਜੇ ਸਥਾਨ ‘ਤੇ ਪੰਜਾਬ ਸੀ, ਜਦੋਂ ਕਿ ਮੁੰਬਈ ਇੰਡੀਅਨਜ਼ ਚੌਥੇ ਸਥਾਨ ‘ਤੇ ਸੀ। ਸੀ.ਐਸ.ਕੇ, ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਏ ਸਨ, ਜਦੋਂ ਕਿ ਦਿੱਲੀ ਕੈਪੀਟਲਜ਼, ਕੇ.ਕੇ.ਆਰ ਅਤੇ ਲਖਨਊ ਸੁਪਰ ਜਾਇੰਟਸ ਦੀਆਂ ਉਮੀਦ ਅਜੇ ਵੀ ਬਚੀ ਹੋਈ ਹੈ।