ਤਰਨਤਾਰਨ : ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਅੱਜ (22 ਸਤੰਬਰ) ਨੂੰ ਇੱਕ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ “ਮੁੱਖ ਮੰਤਰੀ ਸਿਹਤ ਬੀਮਾ ਯੋਜਨਾ” ਤਹਿਤ ਰਜਿਸਟ੍ਰੇਸ਼ਨ ਕੱਲ੍ਹ (23 ਸਤੰਬਰ) ਤਰਨਤਾਰਨ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਸ਼ੁਰੂ ਹੋਵੇਗੀ।
ਇਸ ਯੋਜਨਾ ਤਹਿਤ, ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਮਿਲੇਗਾ। ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿੱਚ 2-3 ਦਿਨਾਂ ਦੇ ਕੈਂਪਾਂ ਰਾਹੀਂ ਸਿਹਤ ਕਾਰਡ ਜਾਰੀ ਕੀਤੇ ਜਾਣਗੇ। ਇਨ੍ਹਾਂ ਜ਼ਿਲ੍ਹਿਆਂ ਵਿੱਚ 10-12 ਦਿਨਾਂ ਦੇ ਅੰਦਰ ਪੂਰਾ ਹੋਣ ਤੋਂ ਬਾਅਦ, ਬਾਕੀ ਜ਼ਿਲ੍ਹਿਆਂ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ। ਇਸ ਸਿਹਤ ਕਾਰਡ ਤਹਿਤ, ਪੰਜਾਬ ਦੇ ਹਰ ਨਾਗਰਿਕ ਨੂੰ ਮੁਫ਼ਤ ਅਤੇ ਮਿਆਰੀ ਇਲਾਜ ਮਿਲੇਗਾ।
ਕਿਹੜੇ ਹਸਪਤਾਲਾਂ ਹੋਣਗੇ ਕਵਰ
ਭਗਵੰਤ ਮਾਨ ਨੇ ਕਿਹਾ, ”ਰਾਜ ਭਰ ਦੇ ਲੋਕ ਰਜਿਸਟ੍ਰੇਸ਼ਨ ਤੋਂ ਬਾਅਦ ਮੁੱਖ ਮੰਤਰੀ ਸਿਹਤ ਕਾਰਡ ਦਾ ਲਾਭ ਉਠਾ ਸਕਣਗੇ। ਇਸ ਕਾਰਡ ਦੇ ਤਹਿਤ ਲੋਕਾਂ ਨੂੰ 2000 ਸਿਹਤ ਸੇਵਾਵਾਂ ਦਾ ਮੁਫ਼ਤ ਅਤੇ ਬਿਹਤਰ ਇਲਾਜ ਮਿਲੇਗਾ। ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਵੱਧ ਤੋਂ ਵੱਧ ਪ੍ਰਾਈਵੇਟ ਹਸਪਤਾਲਾਂ ਨੂੰ ਇਸ ਯੋਜਨਾ ਨਾਲ ਜੋੜਿਆ ਜਾਵੇਗਾ।”
ਮੁੱਖ ਮੰਤਰੀ ਨੇ ਨਾਲ ਹੀ ਰਾਸ਼ਨ ਕਾਰਡ ਨੂੰ ਲੈ ਕੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬੀਆਂ ਦੇ ਰਾਸ਼ਨ ਕਾਰਡ ਕੱਟਣ ਨੂੰ ਲੈ ਕੇ ਅਸੀਂ ਵੈਰੀਫਿਕੇਸ਼ਨ ਲਈ 6 ਮਹੀਨੇ ਦਾ ਸਮਾਂ ਮੰਗਿਆ ਹੈ। ਅਸੀਂ ਕਿਸੇ ਵੀ ਲੋੜਵੰਦ ਦਾ ਕਾਰਡ ਕੱਟਣ ਨਹੀਂ ਦੇਵਾਂਗੇ। ਅਸੀਂ ਸਾਡੀ ਸਰਕਾਰ ਵਿੱਚ ਕਿਸੇ ਦਾ ਚੁੱਲ੍ਹਾ ਬੁਝਣ ਨਹੀਂ ਦੇਵਾਂਗੇ।











