ਚੰਡੀਗੜ੍ਹ : 21 ਦਸੰਬਰ ਨੂੰ ਸੈਕਟਰ 25 ਦੇ ਰੈਲੀ ਗਰਾਊਂਡ ਵਿੱਚ ਪੰਜਾਬੀ ਗਾਇਕ ਏ.ਪੀ.ਢਿੱਲੋਂ ਦਾ ਪ੍ਰੋਗਰਾਮ ਹੋਣਾ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਸੰਗੀਤ ਸਮਾਰੋਹ ਲਈ ਤੈਅ ਕੀਤੇ ਗਏ ਨਵੇਂ ਸਥਾਨ ਨੂੰ ਲੈ ਕੇ ਵੀ ਸੰਕਟ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ। ਚੰਡੀਗੜ੍ਹ ਟਰਾਈਸਿਟੀ ਕੈਬ ਯੂਨੀਅਨ ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਰੈਲੀ ਮੈਦਾਨ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਪ੍ਰਸ਼ਾਸਨ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਿਹਾ ਹੈ, ਜਿਸ ਦੇ ਵਿਰੋਧ ਵਿੱਚ ਕੈਬ ਡਰਾਈਵਰ ਹੜਤਾਲ ’ਤੇ ਹਨ।
ਕੈਬ ਯੂਨੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਤੱਕ ਹੜਤਾਲ ਜਾਰੀ ਰਹੇਗੀ। ਯੂਨੀਅਨ ਪ੍ਰਧਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਜਲਦੀ ਕੋਈ ਹੱਲ ਨਾ ਕੱਢਿਆ ਤਾਂ ਹੜਤਾਲ ਵੱਡੇ ਪੱਧਰ ‘ਤੇ ਪ੍ਰਦਰਸ਼ਨ ਦਾ ਰੂਪ ਧਾਰਨ ਕਰ ਸਕਦੀ ਹੈ।
ਏਪੀ ਢਿੱਲੋਂ ਦਾ ਮਿਊਜ਼ਿਕ ਸ਼ੋਅ, ਜੋ ਪਹਿਲਾਂ ਸੈਕਟਰ 34 ਵਿੱਚ ਹੋਣਾ ਸੀ, ਨੂੰ ਹੁਣ ਸੈਕਟਰ 25 ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਸ਼ੋਅ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਹੈ, ਪਰ ਕੈਬ ਯੂਨੀਅਨ ਦੀ ਹੜਤਾਲ ਨੇ ਸਮਾਗਮ ਵਿੱਚ ਸੰਕਟ ਪੈਦਾ ਕਰ ਦਿੱਤਾ ਹੈ। ਜੇਕਰ ਪ੍ਰਦਰਸ਼ਨਕਾਰੀ ਆਪਣੀ ਥਾਂ ‘ਤੇ ਬਣੇ ਰਹੇ ਤਾਂ ਪ੍ਰੋਗਰਾਮ ਵਿਚ ਵਿਘਨ ਪੈ ਸਕਦਾ ਹੈ।