ਤਰਨਤਾਰਨ : ਭਾਰਤ-ਪਾਕਿਸਤਾਨ ਸਰਹੱਦ (India-Pakistan border) ਪਾਰ ਕਰਕੇ ਜ਼ਿਲ੍ਹੇ ਦੇ ਅਧੀਨ ਆਉਂਦੇ ਭਾਰਤੀ ਖੇਤਰ ‘ਚ ਦਾਖਲ ਹੋਏ ਇਕ ਪਾਕਿਸਤਾਨੀ ਨੂੰ ਬੀ.ਐੱਸ.ਐੱਫ. (BSF) ਨੇ ਢੇਰ ਕਰ ਦਿੱਤਾ, ਜਿਸ ਤੋਂ ਬਾਅਦ ਬੀ.ਐਸ.ਐਫ ਅਤੇ ਥਾਣਾ ਖਾਲੜਾ ਦੀ ਪੁਲਿਸ ਵੱਲੋਂ ਇਸ ਕਾਰਵਾਈ ਤੋਂ ਬਾਅਦ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਸੂਤਰਾਂ ਮੁਤਾਬਕ ਬੀਐਸਐਫ ਦੀ 71 ਬਟਾਲੀਅਨ ਨੇ ਅੱਜ ਤੜਕੇ ਕਰੀਬ 4 ਵਜੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਬੀਓਪੀ ਖਾਲਦਾ ਦੇ ਪਿੱਲਰ ਨੰਬਰ 131/13 ਨੇੜੇ ਕੁਝ ਹਿਲਜੁਲ ਵੇਖੀ। ਜਦੋਂ ਹਿਲਜੁਲ ਨਾ ਰੁਕੀ ਤਾਂ ਬੀ.ਐਸ.ਐਫ ਦੇ ਜਵਾਨਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਭਾਰਤੀ ਸਰਹੱਦ ‘ਚ ਦਾਖਲ ਹੋਏ ਪਾਕਿਸਤਾਨੀ ਨਾਗਰਿਕ ਨੂੰ ਢੇਰ ਕਰ ਦਿੱਤਾ ਗਿਆ।
ਇਸ ਕਾਰਵਾਈ ਤੋਂ ਬਾਅਦ ਬੀਐੱਸਐੱਫ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਥਾਣਾ ਖਾਲੜਾ ਦੀ ਪੁਲਿਸ ਦੇ ਨਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕਿਸੇ ਵੀ ਅਧਿਕਾਰੀ ਵੱਲੋਂ ਮ੍ਰਿਤਕ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।