ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) , ਸ੍ਰੀਨਗਰ ਜ਼ੋਨ ਨੇ ਦੱਖਣੀ ਕਸ਼ਮੀਰ ਵਿੱਚ ਇੱਕ ਵੱਡੇ ਡਰੱਗ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 10.7 ਕਿਲੋਗ੍ਰਾਮ ਤੋਂ ਵੱਧ ਚਰਸ ਜ਼ਬਤ ਕੀਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਇੱਕ ਖਾਸ ਖੁਫੀਆ ਜਾਣਕਾਰੀ ਦੇ ਆਧਾਰ ‘ਤੇ, ਐਨ.ਸੀ.ਬੀ. ਨੇ 19 ਅਗਸਤ ਨੂੰ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਾਰਾ ਖੇਤਰ ਵਿੱਚ ਇੱਕ ਨਿਸ਼ਾਨਾਬੱਧ ਕਾਰਵਾਈ ਕੀਤੀ, ਜਿਸ ਦੇ ਨਤੀਜੇ ਵਜੋਂ ਲਗਭਗ 10.735 ਕਿਲੋਗ੍ਰਾਮ ਚਰਸ ਜ਼ਬਤ ਕੀਤੀ ਗਈ ।
ਇਹ ਇਸ ਸਾਲ ਦੀਆਂ ਸਭ ਤੋਂ ਵੱਡੀਆਂ ਚਰਸ ਜ਼ਬਤੀਆਂ ਵਿੱਚੋਂ ਇੱਕ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਫਿਰਦੌਸ, ਅਨੰਤਨਾਗ ਦੇ ਬਿਜਬੇਹਾਰਾ ਨਿਵਾਸੀ, ਅਨੰਤਨਾਗ ਦੇ ਲਾਲ ਬਾਜ਼ਾਰ ਦੇ ਰਹਿਣ ਵਾਲੇ ਜਾਨ ਮੁਹੰਮਦ ਬਾਬਾ ਅਤੇ ਅਨੰਤਨਾਗ ਦੇ ਸ੍ਰੀਗੁਫਵਾਰਾ ਨਿਵਾਸੀ ਮੁਹੰਮਦ ਲਤੀਫ ਵਜੋਂ ਹੋਈ ਹੈ।
ਐਨ.ਸੀ.ਬੀ. ਨੇ ਇੱਕ ਬਿਆਨ ਵਿੱਚ ਕਿਹਾ ਕਿ ਮੁਲਜ਼ਮਾਂ ਦੇ ਅਪਰਾਧਿਕ ਪਿਛੋਕੜ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਫਿਰਦੌਸ ਪਹਿਲਾਂ ਹੀ ਬਿਜਬੇਹਾਰਾ ਪੁਲਿਸ ਸਟੇਸ਼ਨ ਅਤੇ ਐਨ.ਸੀ.ਬੀ. ਜੰਮੂ ਵਿੱਚ ਦਰਜ ਹੋਰ ਐਨ.ਡੀ.ਪੀ.ਐਸ. ਮਾਮਲਿਆਂ ਵਿੱਚ ਨਾਮਜ਼ਦ ਹੈ ਅਤੇ ਜਨ ਮੁਹੰਮਦ ਬਾਬਾ ਪਹਿਲਾਂ ਐਨ.ਸੀ.ਬੀ. ਜੰਮੂ ਦੁਆਰਾ ਦਰਜ ਐਨ.ਡੀ.ਪੀ.ਐਸ. ਮਾਮਲੇ ਵਿੱਚ ਨਾਮਜ਼ਦ ਹੈ।
ਬਿਆਨ ਵਿੱਚ ਕਿਹਾ ਗਿਆ ਹੈ, “ਮਾਮਲੇ ਦੀ ਜਾਂਚ ਦੌਰਾਨ, ਇਹ ਖੁਲਾਸਾ ਹੋਇਆ ਕਿ ਉਕਤ ਨਸ਼ੀਲਾ ਪਦਾਰਥ ਮੁਹੰਮਦ ਲਤੀਫ ਨਾਮਕ ਇੱਕ ਵਿਅਕਤੀ ਤੋਂ ਪ੍ਰਾਪਤ ਕੀਤਾ ਗਿਆ ਸੀ, ਜਿਸਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ ਅਤੇ ਉਹ ਗੈਰ-ਕਾਨੂੰਨੀ ਤਰੀਕਿਆਂ ਨਾਲ ਇਸਦੀ ਅੰਤਰ-ਰਾਜੀ ਆਵਾਜਾਈ ਵਿੱਚ ਵੀ ਮਦਦ ਕਰ ਰਿਹਾ ਸੀ।”











