ਰੂਪਨਗਰ : ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਭਾਖੜਾ ਡੈਮ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ, ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ, ਰੂਪਨਗਰ ਨੇ ਇੱਕ ਜ਼ਰੂਰੀ ਚੇਤਾਵਨੀ ਜਾਰੀ ਕੀਤੀ ਹੈ। ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ 75,000 ਕਿਊਸਿਕ ਤੋਂ ਵਧਾ ਕੇ 80,000 ਤੋਂ 85,000 ਕਿਊਸਿਕ ਕਰ ਦਿੱਤੀ ਗਈ ਹੈ। ਇਸ ਵਧਦੇ ਪਾਣੀ ਦੇ ਵਹਾਅ ਕਾਰਨ ਸਤਲੁਜ ਦਰਿਆ ਦੇ ਕੰਢੇ ਸਥਿਤ ਕਈ ਪਿੰਡਾਂ ਵਿੱਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ, ਜਿਸ ਕਾਰਨ ਪ੍ਰਸ਼ਾਸਨ ਨੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ।
ਇਨ੍ਹਾਂ ਪਿੰਡਾਂ ਨੂੰ ਸਭ ਤੋਂ ਵੱਧ ਖ਼ਤਰਾ
ਪ੍ਰਸ਼ਾਸਨ ਨੇ ਖਾਸ ਤੌਰ ‘ਤੇ ਨੰਗਲ ਅਤੇ ਸ੍ਰੀ ਆਨੰਦਪੁਰ ਸਾਹਿਬ ਸਬ-ਡਵੀਜ਼ਨਾਂ ਦੇ ਹੇਠਲੇ ਪਿੰਡਾਂ ਦੇ ਵਸਨੀਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਨ ਅਤੇ ਪ੍ਰਸ਼ਾਸਨ ਦੁਆਰਾ ਸਥਾਪਤ ਸੁਰੱਖਿਅਤ ਉੱਚੀਆਂ ਥਾਵਾਂ ਜਾਂ ਰਾਹਤ ਕੈਂਪਾਂ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਹਨ।
ਪ੍ਰਭਾਵਿਤ ਕੁਝ ਪ੍ਰਮੁੱਖ ਪਿੰਡਾਂ ਵਿੱਚ ਸ਼ਾਮਲ ਹਨ:
- ਨੰਗਲ ਖੇਤਰ: ਹਰਸਾ ਬੇਲਾ, ਬੇਲਾ ਰਾਮਗੜ੍ਹ, ਬੇਲਾ ਧਿਆਨੀ (ਉੱਪਰ ਅਤੇ ਹੇਠਲਾ), ਸੈਂਸੋਵਾਲ, ਆਈਲਗਰਾ, ਬੇਲਾ ਸ਼ਿਵ ਸਿੰਘ, ਭਲਾਣ, ਭਾਨਮ, ਸਿੰਘਪੁਰਾ, ਪਲਾਸੀ, ਤਰਫ ਮਜ਼ਾਰਾ, ਅਤੇ ਮਜ਼ਾਰੀ।
- ਸ੍ਰੀ ਆਨੰਦਪੁਰ ਸਾਹਿਬ ਖੇਤਰ: ਬੁਰਜ, ਚਾਂਦਪੁਰ ਬੇਲਾ, ਗਜਪੁਰ ਬੇਲਾ, ਸ਼ਾਹਪੁਰ ਬੇਲਾ, ਨਿੱਕੂਵਾਲ, ਅਮਰਪੁਰ ਬੇਲਾ ਅਤੇ ਲੋਧੀਪੁਰ।
ਇਸ ਤੋਂ ਇਲਾਵਾ, ਰੂਪਨਗਰ ਅਤੇ ਸ੍ਰੀ ਚਮਕੌਰ ਸਾਹਿਬ ਵਿੱਚ ਸਤਲੁਜ ਦਰਿਆ ਦੇ ਨਾਲ ਸਥਿਤ ਸਾਰੇ ਪਿੰਡਾਂ ਦੇ ਵਸਨੀਕਾਂ ਨੂੰ ਵੀ ਚੌਕਸ ਰਹਿਣ ਅਤੇ ਸੁਰੱਖਿਆ ਨੂੰ ਪਹਿਲ ਦੇਣ ਦੀ ਚੇਤਾਵਨੀ ਦਿੱਤੀ ਗਈ ਹੈ।
ਪ੍ਰਸ਼ਾਸਨ ਦੀਆਂ ਤਿਆਰੀਆਂ ਅਤੇ ਜਨਤਾ ਨੂੰ ਅਪੀਲ
ਰੋਪੜ ਦੇ ਡਿਪਟੀ ਕਮਿਸ਼ਨਰ (ਡੀ.ਸੀ.) ਨੇ ਸੂਚਿਤ ਕੀਤਾ ਹੈ ਕਿ ਪਾਣੀ ਦਾ ਵਧਿਆ ਹੋਇਆ ਪੱਧਰ ਨੰਗਲ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡਾਂ ਦੇ ਖੇਤਾਂ ਅਤੇ ਘਰਾ ਵਿੱਚ ਦਾਖਲ ਹੋ ਸਕਦਾ ਹੈ।
- ਰਾਹਤ ਕੈਂਪ ਤਿਆਰ: ਪ੍ਰਸ਼ਾਸਨ ਨੇ ਹਰ ਪ੍ਰਭਾਵਿਤ ਖੇਤਰ ਵਿੱਚ ਸੁਰੱਖਿਆ ਅਤੇ ਰਾਹਤ ਕੈਂਪ ਸਥਾਪਤ ਕੀਤੇ ਹਨ ਅਤੇ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਹਨ।
- ਅਫਵਾਹਾਂ ਤੋਂ ਬਚੋ: ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਬਰਾਉਣ ਨਹੀ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ‘ਤੇ ਧਿਆਨ ਨਾ ਦੇਣ। ਸਿਰਫ਼ ਸਰਕਾਰੀ ਅਤੇ ਅਧਿਕਾਰਤ ਜਾਣਕਾਰੀ ਦੀ ਪਾਲਣਾ ਕਰੋ।
- ਟੀਮਾਂ ਤਾਇਨਾਤ: ਸਰਕਾਰੀ ਅਤੇ ਕੁਇੱਕ ਰਿਸਪਾਂਸ ਟੀਮਾਂ ਮੌਕੇ ‘ਤੇ ਤਾਇਨਾਤ ਹਨ।
- ਹੈਲਪਲਾਈਨ ਨੰਬਰ: ਕਿਸੇ ਵੀ ਐਮਰਜੈਂਸੀ ਲਈ, ਲੋਕ 01881-221157 ਜਾਂ 112 ‘ਤੇ ਸੰਪਰਕ ਕਰ ਸਕਦੇ ਹਨ।
ਡੀ.ਸੀ. ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪਾਣੀ ਦਾ ਵਹਾਅ ਹੈੱਡਵਰਕਸ ਤੋਂ ਅੱਗੇ ਨਹੀਂ ਜਾਵੇਗਾ, ਇਸ ਲਈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਪਰ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ। ਪ੍ਰਸ਼ਾਸਨ ਜਲਦੀ ਹੀ ਉਨ੍ਹਾਂ ਪਿੰਡਾਂ ਦੀ ਇੱਕ ਵਿਸਤ੍ਰਿਤ ਸੂਚੀ ਜਾਰੀ ਕਰੇਗਾ ਜਿਨ੍ਹਾਂ ਨੂੰ ਤੁਰੰਤ ਰਾਹਤ ਕੈਂਪਾਂ ਵਿੱਚ ਜਾਣ ਦੀ ਸਲਾਹ ਦਿੱਤੀ ਗਈ ਹੈ।











