HomeSportਭਾਰਤ ਨੇ ਪੈਰਿਸ ਪੈਰਾਲੰਪਿਕ 'ਚ 2 ਸੋਨ ਤਗਮਿਆਂ ਸਮੇਤ ਜਿੱਤੇ 8 ਤਗਮੇ

ਭਾਰਤ ਨੇ ਪੈਰਿਸ ਪੈਰਾਲੰਪਿਕ ‘ਚ 2 ਸੋਨ ਤਗਮਿਆਂ ਸਮੇਤ ਜਿੱਤੇ 8 ਤਗਮੇ

ਨਵੀਂ ਦਿੱਲੀ: ਭਾਰਤੀ ਖਿਡਾਰੀਆਂ ਨੇ ਬੀਤੇ ਦਿਨ 2 ਸਤੰਬਰ ਨੂੰ ਪੈਰਿਸ ਪੈਰਾਲੰਪਿਕ (The Paris Paralympics) ਵਿੱਚ ਇਤਿਹਾਸਕ ਪ੍ਰਦਰਸ਼ਨ ਕੀਤਾ। ਭਾਰਤ ਨੇ ਇਸ ਦਿਨ 2 ਸੋਨ ਤਗਮਿਆਂ ਸਮੇਤ 8 ਤਗਮੇ ਜਿੱਤੇ। ਪੈਰਾ ਸ਼ਟਲਰ ਨਿਤੇਸ਼ ਕੁਮਾਰ ਨੇ ਭਾਰਤ ਲਈ ਦਿਨ ਦਾ ਪਹਿਲਾ ਸੋਨ ਤਮਗਾ ਜਿੱਤਿਆ ਜਦਕਿ ਸੁਮਿਤ ਅੰਤਿਲ ਨੇ ਜੈਵਲਿਨ ਥਰੋਅ ਵਿੱਚ ਸੋਨ ਤਮਗਾ ਜਿੱਤਿਆ। ਇਸ ਨਾਲ ਭਾਰਤ ਨੇ ਇਕ ਦਿਨ ‘ਚ ਤਮਗਾ ਸੂਚੀ ‘ਚ 15 ਸਥਾਨਾਂ ਦੀ ਛਲਾਂਗ ਲਗਾਈ ਅਤੇ 15ਵੇਂ ਸਥਾਨ ‘ਤੇ ਆ ਗਿਆ। ਭਾਰਤ ਨੇ ਬੀਤੇ ਦਿਨ 3 ਚਾਂਦੀ ਅਤੇ 3 ਕਾਂਸੀ ਦੇ ਵੀ ਤਗਮੇ ਜਿੱਤੇ। ਇਸ ਤਰ੍ਹਾਂ ਭਾਰਤੀ ਖਿਡਾਰੀਆਂ ਨੇ 2 ਸਤੰਬਰ 2024 ਨੂੰ ਯਾਦਗਾਰ ਬਣਾ ਦਿੱਤਾ।

ਭਾਰਤ ਹੁਣ ਪੈਰਾਲੰਪਿਕ ਵਿੱਚ ਆਪਣੇ ਸਰਵੋਤਮ ਪ੍ਰਦਰਸ਼ਨ ਵੱਲ ਵਧ ਰਿਹਾ ਹੈ। ਭਾਰਤ ਨੇ ਪੈਰਿਸ ਖੇਡਾਂ 2024 ਵਿੱਚ ਹੁਣ ਤੱਕ 3 ਸੋਨੇ ਸਮੇਤ 15 ਤਗਮੇ ਜਿੱਤੇ ਹਨ ਅਤੇ ਤਮਗਾ ਸੂਚੀ ਵਿੱਚ ਚੋਟੀ ਦੇ 15 ਵਿੱਚ ਸ਼ਾਮਲ ਹਨ। ਭਾਰਤੀ ਟੀਮ ਨੇ ਤਿੰਨ ਸਾਲ ਪਹਿਲਾਂ ਟੋਕੀਓ ਪੈਰਾਲੰਪਿਕ ਵਿੱਚ 5 ਸੋਨ ਤਗ਼ਮੇ ਸਮੇਤ 19 ਤਗ਼ਮੇ ਜਿੱਤੇ ਸਨ।

ਨਿਤੇਸ਼ ਨੇ ਸੁਨਹਿਰੀ ਸ਼ੁਰੂਆਤ ਕੀਤੀ
ਭਾਰਤ ਦਾ ਬੀਤੇ ਦਿਨ 2 ਸਤੰਬਰ ਨੂੰ ਪਹਿਲਾ ਸੋਨ ਤਮਗਾ 29 ਸਾਲਾ ਨਿਤੀਸ਼ ਕੁਮਾਰ ਨੇ ਪੈਰਾ ਬੈਡਮਿੰਟਨ ਐੱਸ ਐੱਲ -3 ਵਰਗ ਵਿੱਚ ਜਿੱਤਿਆ ਸੀ। ਆਈ.ਆਈ.ਟੀ. ਮੰਡੀ ਤੋਂ ਇੰਜਨੀਅਰਿੰਗ ਕਰ ਰਹੇ ਹਰਿਆਣਾ ਦੇ ਨਿਤੇਸ਼ ਨੇ ਇੱਕ ਘੰਟਾ 20 ਮਿੰਟ ਤੱਕ ਚੱਲੇ ਮੈਚ ਵਿੱਚ ਬਰਤਾਨੀਆ ਦੇ ਬੈਥਲ ਨੂੰ 21-14, 18-21, 23-21 ਨਾਲ ਹਰਾਇਆ।

ਸੁਮਿਤ ਨੇ ਦਿਵਾਇਆ ਦੇਸ਼ ਨੂੰ ਤੀਜਾ ਸੋਨ
26 ਸਾਲਾ ਸੁਮਿਤ ਅੰਤਿਲ ਨੇ ਐੱਫ64 ਜੈਵਲਿਨ ਥਰੋਅ ਵਿੱਚ 70.59 ਮੀਟਰ ਦੇ ਪੈਰਾਲੰਪਿਕ ਰਿਕਾਰਡ ਨਾਲ ਸੋਨ ਤਗ਼ਮਾ ਜਿੱਤਿਆ।ਸੋਨੀਪਤ ਦੇ ਵਿਸ਼ਵ ਰਿਕਾਰਡ ਧਾਰਕ ਸੁਮਿਤ ਨੇ ਆਪਣੇ ਹੀ 68.55 ਮੀਟਰ ਦੇ ਪੈਰਾਲੰਪਿਕ ਰਿਕਾਰਡ ਨੂੰ ਸੁਧਾਰਿਆ ਜੋ ਉਨ੍ਹਾਂ ਨੇ ਤਿੰਨ ਸਾਲ ਪਹਿਲਾਂ ਟੋਕੀਓ ਵਿੱਚ ਬਣਾਇਆ ਸੀ। ਉਨ੍ਹਾਂ ਦਾ ਵਿਸ਼ਵ ਰਿਕਾਰਡ 73.29 ਮੀਟਰ ਥਰੋਅ ਦਾ ਹੈ।

ਸ਼ੀਤਲ ਤੇ ਰਾਕੇਸ਼ ਨੇ ਤੀਰਅੰਦਾਜ਼ੀ ਵਿੱਚ ਜਿੱਤਿਆ ਕਾਂਸੀ ਦਾ ਤਗਮਾ
ਭਾਰਤੀ ਤੀਰਅੰਦਾਜ਼ਾਂ ਸ਼ੀਤਲ ਦੇਵੀ ਅਤੇ ਰਾਕੇਸ਼ ਕੁਮਾਰ ਦੀ ਜੋੜੀ ਨੇ ਮਿਕਸਡ ਟੀਮ ਕੰਪਾਊਂਡ ਓਪਨ ਈਵੈਂਟ ਵਿੱਚ ਇਟਲੀ ਦੇ ਮੈਟਿਓ ਬੋਨਾਸੀਨਾ ਅਤੇ ਐਲੀਓਨੋਰਾ ਸਾਰਟੀ ਨੂੰ 156-155 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱ ਤਿਆ। ਸ਼ੀਤਲ ਤੀਰਅੰਦਾਜ਼ੀ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਏ ਹਨ। ਭਾਰਤ ਨੇ ਜਿੱਤ ਹਾਸਲ ਕੀਤੀ ਜਦੋਂ 17 ਸਾਲਾ ਸ਼ੀਤਲ ਦੇ ਸ਼ਾਟ ਨੂੰ ਸੋਧ ਤੋਂ ਬਾਅਦ ਅਪਗ੍ਰੇਡ ਕੀਤਾ ਗਿਆ। ਚਾਰ ਤੀਰ ਬਾਕੀ ਰਹਿੰਦਿਆਂ ਭਾਰਤੀ ਜੋੜੀ ਇੱਕ ਅੰਕ ਨਾਲ ਪਿੱਛੇ ਚੱਲ ਰਹੀ ਸੀ ਪਰ ਅੰਤ ਵਿੱਚ ਧੀਰਜ ਨਾਲ ਖੇਡਦੇ ਹੋਏ ਜਿੱਤ ਦਰਜ ਕੀਤੀ। ਭਾਰਤੀਆਂ ਨੇ 10, 9, 10, 10 ਸਕੋਰ ਬਣਾਇਆ ਜਦਕਿ ਇਟਲੀ ਦੀ ਟੀਮ ਨੇ 9, 9, 10, 10 ਦਾ ਸਕੋਰ ਬਣਾਇਆ।

ਕਥੂਨੀਆ, ਸੁਹਾਸ ਅਤੇ ਤੁਲਸੀਮਤੀ ਨੂੰ ਮਿਲੀ ਚਾਂਦੀ
ਭਾਰਤ ਦੇ ਯੋਗੇਸ਼ ਕਥੁਨੀਆ ਨੇ ਡਿਸਕਸ ਥਰੋਅ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਸੁਹਾਸ ਯਥੀਰਾਜ ਅਤੇ ਤੁਲਸੀਮਤੀ ਮੁਰੁਗੇਸਨ (ਐੱਸ.ਯੂ5) ਨੇ ਬੈਡਮਿੰਟਨ ਵਿੱਚ ਚਾਂਦੀ ਦੇ ਤਗਮੇ ਜਿੱਤੇ। ਯੋਗੇਸ਼ ਕਥੁਨੀਆ ਨੇ ਪੈਰਿਸ ਪੈਰਾਲੰਪਿਕ ‘ਚ ਏ.ਐੱਫ56 ਡਿਸਕਸ ਈਵੈਂਟ ‘ਚ 42.22 ਮੀਟਰ ਸੁੱਟ ਕੇ ਚਾਂਦੀ ਦਾ ਤਗਮਾ ਜਿੱਤਿਆ। ਇਹ ਇਸ ਸੀਜ਼ਨ ਦਾ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ ਵੀ ਹੈ। ਕਥੁਨੀਆ ਨੇ ਇਸ ਤੋਂ ਪਹਿਲਾਂ ਟੋਕੀਓ ਪੈਰਾਲੰਪਿਕ ਵਿੱਚ ਵੀ ਇਸ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

ਬੈਡਮਿੰਟਨ ‘ਚ ਮਹਿਲਾ ਸਿੰਗਲਜ਼ ‘ਚ 22 ਸਾਲਾ ਤੁਲਸਿਮਤੀ ਨੂੰ ਫਾਈਨਲ ‘ਚ ਚੀਨ ਦੀ ਯਾਂਗ ਕਿਊ ਸ਼ੀਆ ਦੇ ਖ਼ਿਲਾਫ਼ 17-21, 10-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਚੋਟੀ ਦਾ ਦਰਜਾ ਪ੍ਰਾਪਤ ਤੁਲਸੀਮਤੀ ਨੂੰ ਚਾਂਦੀ ਦੇ ਤਗਮੇ ਨਾਲ ਸੰਤੋਸ਼ ਕਰਨਾ ਪਿਆ। ਦੂਜਾ ਦਰਜਾ ਪ੍ਰਾਪਤ ਮਨੀਸ਼ਾ ਨੇ ਤੀਜਾ ਦਰਜਾ ਪ੍ਰਾਪਤ ਡੈਨਮਾਰਕ ਦੀ ਕੈਥਰੀਨ ਰੋਜ਼ੇਨਗ੍ਰੇਨ ਨੂੰ 21-12, 21-8 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਨਿਤਿਆ ਸਿਵਨ ਨੇ ਵੀ ਬੈਡਮਿੰਟਨ ਵਿੱਚ ਐਸ.ਐਚ6 ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।

ਸੁਹਾਸ ਨੂੰ ਲਗਾਤਾਰ ਦੂਜਾ ਚਾਂਦੀ ਦਾ ਤਗ਼ਮਾ ਮਿਲਿਆ
2007 ਬੈਚ ਦੇ ਆਈ.ਏ.ਐਸ. ਅਧਿਕਾਰੀ ਐਲ.ਵਾਈ. ਸੁਹਾਸ ਨੇ ਲਗਾਤਾਰ ਦੂਜੀ ਪੈਰਾਲੰਪਿਕ ਵਿੱਚ ਐੱਸ.ਐੱਲ4 ਸ਼੍ਰੇਣੀ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਸੁਹਾਸ ਫਾਈਨਲ ਵਿੱਚ ਫਰਾਂਸ ਦੇ ਲੁਕਾਸ ਮਜ਼ੂਰ ਤੋਂ ਸਿੱਧੇ ਗੇਮ ਵਿੱਚ ਹਾਰ ਗਏ। 41 ਸਾਲਾ ਸੁਹਾਸ ਨੂੰ 9-21, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲੁਕਾਸ ਨੇ ਟੋਕੀਓ ਪੈਰਾਲੰਪਿਕ ‘ਚ ਵੀ ਸੁਹਾਸ ਨੂੰ ਹਰਾਇਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments