ਨਵੀਂ ਦਿੱਲੀ : ਸੰਸਦ ਦੇ ਬਾਹਰ ਅਡਾਨੀ-ਸੰਭਲ ਹਿੰਸਾ ‘ਤੇ ਵਿਰੋਧੀ ਧਿਰ ਦਾ ਵਿਰੋਧ ਅੱਜ ਵੀ ਜਾਰੀ ਹੈ। ਮੰਗਲਵਾਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਛੇਵਾਂ ਦਿਨ ਹੈ। ਸਦਨ ਸ਼ੁਰੂ ਹੋਣ ਤੋਂ ਪਹਿਲਾਂ, ਵਿਰੋਧੀ ਧਿਰ ਇੰਡੀਆ ਬਲਾਕ ਦੇ ਨੇਤਾਵਾਂ ਨੇ ਅਡਾਨੀ ਅਤੇ ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਹਿੰਸਾ ਨੂੰ ਲੈ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ, ਜਿਸ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਸੰਸਦ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਇੰਡੀਆ ਬਲਾਕ ਦੇ ਹੋਰ ਨੇਤਾ ਸ਼ਾਮਲ ਹੋਏ।
ਵਿਰੋਧੀ ਧਿਰ ਦੇ ਵਿਰੋਧ ਦੌਰਾਨ ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ, ‘ਦੇਸ਼ ਨੂੰ ਚਲਾਉਣ ਲਈ ਸੰਸਦ ਦਾ ਚੱਲਣਾ ਬਹੁਤ ਜ਼ਰੂਰੀ ਹੈ। ਜੇਕਰ ਸੰਸਦ ਦੀ ਕਾਰਵਾਈ ਸਹੀ ਢੰਗ ਨਾਲ ਨਹੀਂ ਚੱਲਦੀ ਤਾਂ ਦੇਸ਼ ਦੇ ਸੰਸਦ ਮੈਂਬਰਾਂ ਅਤੇ ਵਿਰੋਧੀ ਧਿਰ ਨੂੰ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ। ਅਸੀਂ ਬਿਨਾਂ ਚਰਚਾ ਤੋਂ ਵੀ ਬਿੱਲ ਪਾਸ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਬਹੁਮਤ ਹੈ, ਹਾਲਾਂਕਿ, ਸਾਨੂੰ ਅਜਿਹਾ ਕਰਨਾ ਸਹੀ ਨਹੀਂ ਲੱਗਦਾ।
ਅਡਾਨੀ ਦੇ ਮੁੱਦੇ ‘ਤੇ ਰਿਜਿਜੂ ਨੇ ਕਿਹਾ- ਜੇਕਰ ਕਿਸੇ ਹੋਰ ਦੇਸ਼ ‘ਚ ਕਿਸੇ ਭਾਰਤੀ ਖਿਲਾਫ ਅਦਾਲਤ ਦਾ ਹੁਕਮ ਹੁੰਦਾ ਹੈ ਤਾਂ ਕੀ ਸਦਨ ‘ਚ ਇਸ ਦੀ ਚਰਚਾ ਹਮੇਸ਼ਾ ਜਾਰੀ ਰਹੇਗੀ? ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ ਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਸਦਨ ਵਿੱਚ ਵਿਘਨ ਪਾਉਣਾ ਨਾ ਤਾਂ ਦੇਸ਼ ਦੇ ਹਿੱਤ ਵਿੱਚ ਹੈ ਅਤੇ ਨਾ ਹੀ ਵਿਰੋਧੀ ਧਿਰ ਦੇ ਹਿੱਤ ਵਿੱਚ ਹੈ। ਅਸੀਂ 13 ਅਤੇ 14 ਤਰੀਕ ਨੂੰ ਲੋਕ ਸਭਾ ਵਿੱਚ ਅਤੇ 16 ਅਤੇ 17 ਨੂੰ ਰਾਜ ਸਭਾ ਵਿੱਚ ਸੰਵਿਧਾਨ ਉੱਤੇ ਚਰਚਾ ਕਰਾਂਗੇ।