ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਰਬ ਅਤੇ ਮੱਧ ਪੂਰਬ ਦੇ ਮਾਮਲਿਆਂ ‘ਤੇ ਸਲਾਹਕਾਰ ਦੇ ਅਹੁਦੇ ਲਈ ਆਪਣੇ ਕੁੜਮ ਮਸਾਦ ਬੁਲੋਸ ਨੂੰ ਚੁਣਿਆ ਹੈ। ਮਸਾਦ ਟਰੰਪ ਦੀ ਧੀ ਟਿਫਨੀ ਦਾ ਸਹੁਰਾ ਹੈ। ਉਹ ਲੇਬਨਾਨੀ ਮੂਲ ਦਾ ਨਾਗਰਿਕ ਹੈ।
ਮਸਾਦ ਨੂੰ ਇਹ ਅਹਿਮ ਜ਼ਿੰਮੇਵਾਰੀ ਦਿੰਦੇ ਹੋਏ ਟਰੰਪ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਉਹ ਇਕ ਕਾਬਲ ਕਾਰੋਬਾਰੀ ਹਨ। ਉਸ ਨੇ ਅਰਬ ਅਮਰੀਕੀ ਭਾਈਚਾਰੇ ਨਾਲ ਸਬੰਧ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਜਿਕਰਯੋਗ ਹੈ ਕਿ ਟਰੰਪ ਦੀ ਚੋਣ ਮੁਹਿੰਮ ਦੌਰਾਨ ਮਸਾਦ ਨੇ ਅਰਬ ਅਮਰੀਕੀ ਅਤੇ ਮੁਸਲਿਮ ਨੇਤਾਵਾਂ ਤੋਂ ਵੋਟਾਂ ਹਾਸਲ ਕਰਨ ਲਈ ਦਰਜਨਾਂ ਮੀਟਿੰਗਾਂ ਕੀਤੀਆਂ ਸਨ।
ਸਵਿੰਗ ਸਟੇਟ ਮਿਸ਼ੀਗਨ ਵਿੱਚ ਟਰੰਪ ਦੀ ਜਿੱਤ ਵਿੱਚ ਮਸਾਦ ਦਾ ਵੱਡਾ ਯੋਗਦਾਨ ਸੀ। ਗਲਫ ਨਿਊਜ਼ ਦੇ ਮੁਤਾਬਕ, ਮਸਾਦ ਦੇ ਕਾਰਨ ਮਿਸ਼ੀਗਨ ਦੇ 3 ਲੱਖ ਮੁਸਲਿਮ ਵੋਟਰਾਂ ਦੀ ਵੋਟ ਟਰੰਪ ਨੂੰ ਮਿਲੀ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਟਰੰਪ ਨੇ ਆਪਣੇ ਦੂਜੇ ਕੁੜਮ ਚਾਰਲਸ ਕੁਸ਼ਨਰ ਨੂੰ ਫਰਾਂਸ ਵਿਚ ਰਾਜਦੂਤ ਵਜੋਂ ਨਾਮਜ਼ਦ ਕਰਨ ਦਾ ਐਲਾਨ ਕੀਤਾ ਸੀ। ਚਾਰਲਸ ਟਰੰਪ ਦੀ ਵੱਡੀ ਧੀ ਇਵਾਂਕਾ ਦੇ ਸਹੁਰੇ ਹਨ।