ਰੇਵਾੜੀ: ਰੇਵਾੜੀ ਜ਼ਿਲ੍ਹੇ (Rewari District) ਵਿੱਚ ਗਹਿਣੇ ਲੁੱਟਣ ਦੇ ਮਾਮਲੇ ਵਿੱਚ ਲਾਪਰਵਾਹੀ ਲਈ 4 ਥਾਣਿਆਂ ਦੇ ਐਸ.ਐਚ.ਓਜ਼. ਨੂੰ ਇੱਕੋ ਸਮੇਂ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਬਾਵਲ ਥਾਣਾ ਇੰਚਾਰਜ ਇੰਸਪੈਕਟਰ ਲਾਜਪਤ, ਸਿਟੀ ਥਾਣਾ ਇੰਚਾਰਜ ਇੰਸਪੈਕਟਰ ਸੁਰਿੰਦਰ ਸਿੰਘ, ਮਾਡਲ ਟਾਊਨ ਥਾਣੇ ਦੇ ਇੰਚਾਰਜ ਇੰਸਪੈਕਟਰ ਮੁਕੇਸ਼ ਚੰਦ ਅਤੇ ਰੋਹੜਦੀ ਥਾਣਾ ਇੰਚਾਰਜ ਭਗਵਤ ਪ੍ਰਸਾਦ ਸ਼ਾਮਲ ਹਨ।
11 ਨਵੰਬਰ ਨੂੰ ਹੋਈ ਸੀ ਲੁੱਟ ਦੀ ਵਾਰਦਾਤ
ਦਰਅਸਲ, 11 ਨਵੰਬਰ ਨੂੰ ਸਵੇਰੇ ਪੌਣੇ 12 ਵਜੇ ਦੇ ਕਰੀਬ ਤਿੰਨ ਹਥਿਆਰਬੰਦ ਬਦਮਾਸ਼ਾਂ ਨੇ ਰੇਵਾੜੀ ਦੇ ਬਾਵਲ ਕਸਬੇ ਦੇ ਕਟਲਾ ਬਾਜ਼ਾਰ ਸਥਿਤ ਕੋਮਲ ਜਵੈਲਰਜ਼ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਬਦਮਾਸ਼ਾਂ ਨੇ 50 ਗ੍ਰਾਮ ਸੋਨਾ, ਇਕ ਕਿਲੋ ਚਾਂਦੀ ਅਤੇ 30 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਸੀ। ਬਦਮਾਸ਼ਾਂ ਨੇ ਦੋ ਰਾਊਂਡ ਗੋਲੀਆਂ ਵੀ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਸ਼ੋਅਰੂਮ ਮਾਲਕ ਪ੍ਰੀਤਮ ਸੋਨੀ ਦੇ ਪੁੱਤਰ ਹਰਿੰਦਰ ਨੂੰ ਲੱਗੀ। ਲੁੱਟ ਤੋਂ ਬਾਅਦ ਬਦਮਾਸ਼ ਆਸਾਨੀ ਨਾਲ ਭੱਜਣ ‘ਚ ਕਾਮਯਾਬ ਹੋ ਗਏ।
ਦੱਸ ਦੇਈਏ ਕਿ ਐੱਸ.ਪੀ ਗੌਰਵ ਰਾਜਪੁਰੋਹਿਤ ਨੇ ਵੀ ਚਾਰਾਂ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੀ ਜਾਂਚ ਡੀ.ਐਸ.ਪੀ. ਹੈੱਡਕੁਆਰਟਰ ਕਰਨਗੇ। ਚਾਰਾਂ ਨੂੰ ਮੁਅੱਤਲ ਕਰਨ ਤੋਂ ਪਹਿਲਾਂ ਇਸ ਮਾਮਲੇ ਵਿੱਚ ਅਣਗਹਿਲੀ ਲਈ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਰੋਹੜਾਈ ਥਾਣਾ ਇੰਚਾਰਜ ਭਾਗਵਤ ਪ੍ਰਸਾਦ ਨੂੰ ਛੱਡ ਕੇ ਬਾਕੀ ਤਿੰਨਾਂ ਥਾਣਿਆਂ ਦੇ ਐਸ.ਐਚ.ਓਜ਼. ਨੇ ਕੋਈ ਜਵਾਬ ਨਹੀਂ ਦਿੱਤਾ। ਇੰਸਪੈਕਟਰ ਭਾਗਵਤ ਪ੍ਰਸਾਦ ਵੱਲੋਂ ਦਿੱਤਾ ਗਿਆ ਜਵਾਬ ਤਸੱਲੀਬਖਸ਼ ਨਹੀਂ ਪਾਇਆ ਗਿਆ। ਮੁਅੱਤਲੀ ਤੋਂ ਬਾਅਦ ਚਾਰਾਂ ਇੰਸਪੈਕਟਰਾਂ ਦਾ ਮੁੱਖ ਦਫ਼ਤਰ ਪੁਲਿਸ ਲਾਈਨ ਰੇਵਾੜੀ ਹੋਵੇਗਾ।