ਗੈਜੇੇਟ ਡੈਸਕ: ਅੱਜ ਕੱਲ੍ਹ ਹਰ ਕਿਸੇ ਦੇ ਕੰਨਾਂ ਵਿੱਚ ਵਾਇਰਲੈੱਸ ਹੈੱਡਫੋਨ ਜਾਂ ਈਅਰ ਫੋਨ ਦੇਖਣਾ ਆਮ ਗੱਲ ਹੈ। ਪਰ ਇਨ੍ਹਾਂ ਆਧੁਨਿਕ ਗੈਜੇਟਸ ਬਾਰੇ ਅਕਸਰ ਇੱਕ ਵੱਡਾ ਸਵਾਲ ਉੱਠਦਾ ਹੈ – ਕੀ ਇਨ੍ਹਾਂ ਤੋਂ ਕੈਂਸਰ ਦਾ ਖ਼ਤਰਾ ਹੈ?
ਇਹ ਖਦਸ਼ਾ ਇਸ ਲਈ ਪੈਦਾ ਹੁੰਦਾ ਹੈ ਕਿਉਂਕਿ ਇਹ ਡਿਵਾਈਸ ਰੇਡੀਓ ਫ੍ਰੀਕੁਐਂਸੀ ਰੇਡੀਏਸ਼ਨ (ਆਰ.ਐਫ਼.ਆਰ) ਛੱਡਦੇ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਰੇਡੀਏਸ਼ਨ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾ ਕੇ ਕੈਂਸਰ ਦੇ ਜੋਖਮ ਨੂੰ ਵਧਾ ਸਕਦੀ ਹੈ। ਹਾਲਾਂਕਿ, ਵਿਗਿਆਨਕ ਖੋਜ ਦੇ ਅਨੁਸਾਰ, ਇਸਦੀ ਪੁਸ਼ਟੀ ਕਰਨ ਲਈ ਹੁਣ ਤੱਕ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ।
ਬਲੂਟੁੱਥ ਡਿਵਾਈਸਾਂ ਅਤੇ ਰੇਡੀਏਸ਼ਨ ਵਿਚਕਾਰ ਕੀ ਸਬੰਧ ਹੈ?
ਸਾਲ 2015 ਵਿੱਚ, ਦੁਨੀਆ ਭਰ ਦੇ 200 ਤੋਂ ਵੱਧ ਵਿਗਿਆਨੀਆਂ ਨੇ ਵਿਸ਼ਵ ਸਿਹਤ ਸੰਗਠਨ (ਡਬਲਓ.ਐਚ.ਊ) ਅਤੇ ਸੰਯੁਕਤ ਰਾਸ਼ਟਰ (ਯੂ.ਐਨ) ਨੂੰ ਇਲੈਕਟ੍ਰੋ ਮੈਗਨੈਟਿਕ ਰੇਡੀਏਸ਼ਨ (ਈ.ਐਮ.ਆਰ) ‘ਤੇ ਸਖ਼ਤ ਦਿਸ਼ਾ ਨਿਰਦੇਸ਼ ਲਾਗੂ ਕਰਨ ਦੀ ਅਪੀਲ ਕੀਤੀ।
ਇਨ੍ਹਾਂ ਰੇਡੀਏਸ਼ਨ ਸਰੋਤਾਂ ਵਿੱਚ ਮੋਬਾਈਲ ਫੋਨ, ਵਾਈ-ਫਾਈ, ਬਲੂਟੁੱਥ ਡਿਵਾਈਸ ਅਤੇ ਇੱਥੋਂ ਤੱਕ ਕਿ ਬੇਬੀ ਮੋਨੀਟਰ ਵੀ ਸ਼ਾਮਲ ਹਨ।
ਰੇਡੀਏਸ਼ਨ ਦੀਆਂ ਕਿਸਮਾਂ: ਜਾਣੋ ਕੀ ਖ਼ਤਰਨਾਕ ਹੈ
ਰੇਡੀਏਸ਼ਨ ਦੀਆਂ ਦੋ ਕਿਸਮਾਂ ਹਨ:-
ਆਇਓਨਾਈਜ਼ਿੰਗ ਰੇਡੀਏਸ਼ਨ – ਜਿਵੇਂ ਕਿ ਐਕਸ-ਰੇ ਅਤੇ ਗਾਮਾ ਕਿਰਨਾਂ, ਜੋ ਡੀ.ਐਨ.ਏ. ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ ਕਾਰਸੀਨੋਜਨਿਕ ਮੰਨੀਆਂ ਜਾਂਦੀਆਂ ਹਨ।
ਗੈਰ ਆਇਨਾਈਜ਼ਿੰਗ ਰੇਡੀਏਸ਼ਨ – ਜਿਵੇਂ ਕਿ ਬਲੂਟੁੱਥ, ਵਾਈ-ਫ਼ਾਈ ਅਤੇ ਮੋਬਾਈਲ ਰੇਡੀਏਸ਼ਨ, ਜਿਨ੍ਹਾਂ ਦੀ ਊਰਜਾ ਡੀ.ਐਨ.ਏ. ਨੂੰ ਨੁਕਸਾਨ ਪਹੁੰਚਾਉਣ ਲਈ ਕਾਫ਼ੀ ਨਹੀਂ ਹੈ।
ਬਲੂਟੁੱਥ ਡਿਵਾਈਸਾਂ ਤੋਂ ਨਿਕਲਣ ਵਾਲਾ (ਆਰ.ਐਫ਼.ਆਰ) ਬਹੁਤ ਘੱਟ ਹੁੰਦਾ ਹੈ, ਜੋ ਕਿ ਮੋਬਾਈਲ ਫੋਨਾਂ ਨਾਲੋਂ 10 ਤੋਂ 400 ਗੁਣਾ ਘੱਟ ਹੁੰਦਾ ਹੈ।
ਹੁਣ ਤੱਕ ਦੇ ਅਧਿਐਨ ਕੀ ਕਹਿੰਦੇ ਹਨ?
ਨੈਸ਼ਨਲ ਕੈਂਸਰ ਇੰਸਟੀਚਿਊਟ (ਐਨ.ਸੀ.ਆਈ) ਦੇ ਅਨੁਸਾਰ, ਬਲੂਟੁੱਥ ਤੋਂ ਨਿਕਲਣ ਵਾਲਾ ਰੇਡੀਏਸ਼ਨ ਇੰਨਾ ਕਮਜ਼ੋਰ ਹੁੰਦਾ ਹੈ ਕਿ ਡੀ.ਐਨ.ਏ. ਨੂੰ ਕੋਈ ਨੁਕਸਾਨ ਨਹੀਂ ਹੁੰਦਾ। 2019 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਬਲੂਟੁੱਥ ਰੇਡੀਏਸ਼ਨ ਦੀ ਤਾਕਤ ਐਕਸ-ਰੇ ਨਾਲੋਂ ਲੱਖਾਂ ਗੁਣਾ ਘੱਟ ਹੈ। ਅਮਰੀਕਾ, ਯੂਰਪ ਅਤੇ ਆਸਟ੍ਰੇਲੀਆ ਵਿੱਚ ਬਲੂਟੁੱਥ ਡਿਵਾਈਸਾਂ ਕਾਰਨ ਦਿਮਾਗ ਦੇ ਕੈਂਸਰ ਦੇ ਮਾਮਲਿਆਂ ਵਿੱਚ ਕੋਈ ਮਹੱਤਵਪੂਰਨ ਵਾਧਾ ਨਹੀਂ ਪਾਇਆ ਗਿਆ ਹੈ।
ਅਮਰੀਕਾ ਦੀ ਐਫ.ਡੀ.ਏ, ਐਫ.ਸੀ.ਸੀ. ਅਤੇ ਸੀ.ਡੀ.ਸੀ. ਵਰਗੀਆਂ ਸੰਸਥਾਵਾਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਬਲੂਟੁੱਥ ਡਿਵਾਈਸਾਂ ਦੇ ਕੈਂਸਰ ਹੋਣ ਦੇ ਕੋਈ ਠੋਸ ਸਬੂਤ ਨਹੀਂ ਹਨ। ਹਾਲਾਂਕਿ, ਆਈ.ਏ.ਆਰ.ਸੀ.(ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ) ਨੇ ਆਰ.ਐਫ਼.ਆਰ. ਨੂੰ “ਸੰਭਾਵਿਤ ਤੌਰ ‘ਤੇ ਕਾਰਸੀਨੋਜੇਨਿਕ”(ਪੋਸੀਬਲੀ.ਕਾਰਸੀਨੋਗੇਨੀਕ) ਵਜੋਂ ਸ਼੍ਰੇਣੀਬੱਧ ਵਿੱਚ ਰੱਖਿਆ ਹੈ,ਜਿਸਦਾ ਮਤਲਬ ਹੈ ਕਿ ਇਸਨੂੰ ਪੂਰੀ ਤਰ੍ਹਾਂ ਸੁਰੱਖਿਅਤ ਘੋਸ਼ਿਤ ਨਹੀਂ ਕੀਤਾ ਜਾ ਸਕਦਾ।
ਮਾਹਿਰ ਬੱਚਿਆਂ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਕੀ ਕਹਿੰਦੇ ਹਨ?
ਮਾਹਿਰਾਂ ਦਾ ਮੰਨਣਾ ਹੈ ਕਿ ਬੱਚਿਆਂ ਦੀ ਖੋਪੜੀ ਪਤਲੀ ਹੁੰਦੀ ਹੈ ਅਤੇ ਰੇਡੀਏਸ਼ਨ ਦਾ ਉਨ੍ਹਾਂ ‘ਤੇ ਜ਼ਿਆਦਾ ਪ੍ਰਭਾਵ ਪੈ ਸਕਦਾ ਹੈ। ਹਾਲਾਂਕਿ, ਹੁਣ ਤੱਕ ਕੋਈ ਵਿਆਪਕ ਖੋਜ ਨਹੀਂ ਕੀਤੀ ਗਈ ਹੈ ਜੋ ਸਾਬਤ ਕਰਦੀ ਹੈ ਕਿ ਬਲੂਟੁੱਥ ਡਿਵਾਈਸ ਬੱਚਿਆਂ ਲਈ ਖ਼ਤਰਨਾਕ ਹਨ।











