ਗੁਰਦਾਸਪੁਰ : ਸਦਰ ਥਾਣਾ ਗੁਰਦਾਸਪੁਰ ਨੇ ਆੜ੍ਹਤੀ ‘ਤੇ ਗੋਲੀਆਂ ਚਲਾਉਣ ਵਾਲੇ ਦੋ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ.ਐਸ.ਆਈ ਜੀਵਨ ਸਿੰਘ ਨੇ ਦੱਸਿਆ ਕਿ ਹਰਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਰਾਜਪੁਰਾ ਥਾਣਾ ਸਦਰ ਗੁਰਦਾਸਪੁਰ ਨੇ ਬਿਆਨ ਦਿੱਤਾ ਹੈ ਕਿ ਉਹ ਗਜ਼ਨੀਪੁਰ ਫੋਕਲ ਪੁਆਇੰਟ ਸਥਿਤ ਆਪਣੀ ਦਲਾਲ ਦੀ ਦੁਕਾਨ ਗੁਰਾਇਆ ਕਮਿਸ਼ਨ ਏਜੰਟ ਕੋਲ ਬੈਠਾ ਸੀ।
ਸ਼ਾਮ ਕਰੀਬ 5.30 ਵਜੇ ਜਦੋਂ ਉਹ ਆਪਣੀ ਦੁਕਾਨ ‘ਤੇ ਖੜ੍ਹਾ ਸੀ ਤਾਂ ਦੋ ਲੜਕੇ ਜਿਨ੍ਹਾਂ ਨੇ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ, ਮੋਟਰਸਾਈਕਲ ‘ਤੇ ਆਏ। ਉਸ ਨੂੰ ਦੇਖ ਕੇ ਉਨ੍ਹਾਂ ਨੇ ਉਸ ਨੂੰ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ‘ਤੇ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।