ਕੀਵ : ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਰੂਸੀ ਡਰੋਨ ਅਤੇ ਮਿਜ਼ਾਈਲ ਹਮਲੇ ਵਿੱਚ 5 ਬੱਚਿਆਂ ਸਮੇਤ 31 ਲੋਕਾਂ ਦੀ ਮੌਤ ਤੋਂ ਇੱਕ ਦਿਨ ਬਾਅਦ, ਬੀਤੇ ਦਿਨ ਸ਼ਹਿਰ ਵਿੱਚ ਇੱਕ ਅਧਿਕਾਰਤ ਸੋਗ ਦਿਵਸ ਮਨਾਇਆ ਗਿਆ। ਇਸ ਹਮਲੇ ਵਿੱਚ 150 ਤੋਂ ਵੱਧ ਜ਼ਖਮੀ ਹੋਏ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਵੀਰਵਾਰ ਦੇ ਹਮਲਿਆਂ ਵਿੱਚ ਸਭ ਤੋਂ ਛੋਟੀ ਉਮਰ ਦਾ ਪੀੜਤ ਦੋ ਸਾਲ ਦਾ ਸੀ ਅਤੇ ਜ਼ਖਮੀਆਂ ਵਿੱਚ 16 ਬੱਚੇ ਸ਼ਾਮਲ ਸਨ। ਅਧਿਕਾਰਤ ਅੰਕੜਿਆਂ ਅਨੁਸਾਰ, ਅਕਤੂਬਰ 2022 ਵਿੱਚ ਸ਼ਹਿਰ ‘ਤੇ ਹਵਾਈ ਹਮਲੇ ਸ਼ੁਰੂ ਹੋਣ ਤੋਂ ਬਾਅਦ ਕੀਵ ‘ਤੇ ਇੱਕ ਹਮਲੇ ਵਿੱਚ ਮਾਰੇ ਗਏ ਅਤੇ ਜ਼ਖਮੀ ਹੋਏ ਬੱਚਿਆਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ।
ਇਹ ਦੱਸਿਆ ਗਿਆ ਹੈ ਕਿ ਰੂਸੀ ਬੰਬਾਰੀ ਨੇ ਸ਼ਹਿਰ ਵਿੱਚ ਇੱਕ ਨੌਂ ਮੰਜ਼ਿਲਾ ਰਿਹਾਇਸ਼ੀ ਇਮਾਰਤ ਦਾ ਇੱਕ ਵੱਡਾ ਹਿੱਸਾ ਤਬਾਹ ਕਰ ਦਿੱਤਾ ਜਦ ਕਿ 100 ਤੋਂ ਵੱਧ ਹੋਰ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ, ਜਿਨ੍ਹਾਂ ਵਿੱਚ ਘਰ, ਸਕੂਲ, ਕਿੰਡਰਗਾਰਟਨ, ਮੈਡੀਕਲ ਸਹੂਲਤਾਂ ਅਤੇ ਯੂਨੀਵਰਸਿਟੀਆਂ ਸ਼ਾਮਲ ਹਨ 3 ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੇ ਯੁੱਧ ਦੇ ਬਾਅਦ ਨਾਗਰਿਕ ਖੇਤਰਾਂ ‘ਤੇ ਹਮਲਿਆਂ ਨੂੰ ਰੋਕਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਪੱਛਮੀ ਨੇਤਾਵਾਂ ਦੇ ਅਪੀਲਾਂ ਨੂੰ ਨਜ਼ਰਅੰਦਾਜ਼ ਕਰਦਿਆਂ ਰੂਸ ਨੇ ਹਾਲੀਆ ਮਹੀਨਿਆਂ ਵਿੱਚ ਯੂਕਰੇਨੀ ਸ਼ਹਿਰਾਂ ‘ਤੇ ਆਪਣੇ ਹਮਲੇ ਵਧਾ ਦਿੱਤੇ ਹਨ।
ਰੂਸ ਨੇ ਜੁਲਾਈ ਵਿੱਚ ਭਾਰੀ ਤਬਾਹੀ ਮਚਾਈ: ਜ਼ੇਲੇਂਸਕੀ ਨੇ ਕਿਹਾ ਕਿ ਰੂਸ ਨੇ ਜੁਲਾਈ ਵਿੱਚ ਭਾਰੀ ਤਬਾਹੀ ਮਚਾਈ। ਉਨ੍ਹਾਂ ਨੇ ਯੂਕਰੇਨ ਦੇ ਖਿਲਾਫ 5,100 ਤੋਂ ਵੱਧ ਗਲਾਈਡ ਬੰਬ, 3800 ਤੋਂ ਵੱਧ ਡਰੋਨ ਅਤੇ ਵੱਖ-ਵੱਖ ਕਿਸਮਾਂ ਦੀਆਂ ਲਗਭਗ 260 ਮਿਜ਼ਾਈਲਾਂ ਦਾਗੀਆਂ ਸਨ, ਜਿਨ੍ਹਾਂ ਵਿੱਚੋਂ 128 ਬੈਲਿਸਟਿਕ ਮਿਜ਼ਾਈਲਾਂ ਸਨ। ਯੂਕਰੇਨ ਦੇ ਰਾਸ਼ਟਰਪਤੀ ਨੇ ਦੇਸ਼ਾਂ ਨੂੰ ਰੂਸ ਨੂੰ ਰੋਕਣ ਲਈ ਹੋਰ ਸਖ਼ਤ ਆਰਥਿਕ ਪਾਬੰਦੀਆਂ ਲਗਾਉਣ ਦੀ ਅਪੀਲ ਦੁਹਰਾਈ, ਕਿਉਂਕਿ ਅਮਰੀਕਾ ਦੀ ਅਗਵਾਈ ਵਾਲੇ ਸ਼ਾਂਤੀ ਯਤਨ ਅਸਫਲ ਰਹੇ ਹਨ। ਜ਼ੇਲੇਂਸਕੀ ਨੇ ਕਿਹਾ ਕਿ ਕ੍ਰੇਮਲਿਨ (ਪਾਬੰਦੀਆਂ) ਦੀ ਪ੍ਰਭਾਵਸ਼ੀਲਤਾ ਤੋਂ ਕਿੰਨਾ ਵੀ ਇਨਕਾਰ ਕਰੇ, ਉਹ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।











