ਦਸੂਹਾ : ਮਾਮੂਲੀ ਝਗੜੇ ਕਾਰਨ ਕਲਯੁੱਗੀ ਪੁੱਤਰ ਨੇ ਆਪਣੇ ਲਾਇਸੰਸੀ ਹਥਿਆਰ (licensed weapon) ਨਾਲ ਪਿਤਾ ’ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਪਿਤਾ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਬਲਾਕ ਦਸੂਹਾ (Dasuha) ਦੇ ਪਿੰਡ ਜਲਾਲਚੱਕ ਵਿੱਚ ਘਰ ਦੇ ਏ.ਸੀ. ਦੀ ਘੱਟ ਕੂਲਿੰਗ ਕਾਰਨ ਇਸ ਨੂੰ ਬਦਲਣ ਦੀ ਮਾਮੂਲੀ ਗੱਲ ਨੂੰ ਲੈ ਕੇ ਪੁੱਤਰ ਨੇ ਪਿਤਾ ‘ਤੇ ਗੋਲ਼ੀ ਚਲਾ ਦਿੱਤੀ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਵੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਘਰ ਮੌਜੂਦ ਸੀ ਤਾਂ ਘਰ ‘ਚ ਲੱਗੇ ਏ.ਸੀ. ਨੂੰ ਬਦਲਣ ਨੂੰ ਲੈ ਕੇ ਉਨ੍ਹਾਂ ਅਤੇ ਉਸਦੇ ਲੜਕੇ ‘ਚ ਬਹਿਸ ਹੋ ਗਈ। ਇਸ ਦੌਰਾਨ ਗੁੱਸੇ ‘ਚ ਆਏ ਪੁੱਤਰ ਅਮਰਜੀਤ ਸਿੰਘ, ਜੋ ਕਿ ਸ਼ਰਾਬ ਪੀਣ ਦਾ ਆਦੀ ਹੈ, ਨੇ ਆਪਣੇ ਲਾਇਸੰਸੀ ਹਥਿਆਰ ਨਾਲ ਉਸ ‘ਤੇ ਗੋਲ਼ੀਆਂ ਚਲਾ ਦਿੱਤੀਆਂ।
ਗੋਲੀ ਲੱਗਣ ਕਾਰਨ ਜ਼ਖਮੀ ਹੋਏ ਵੀਰ ਸਿੰਘ ਨੂੰ ਦਸੂਹਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਜ਼ਖਮੀ ਪਿਤਾ ਨੇ ਮੀਡੀਆ ਰਾਹੀਂ ਦੱਸਿਆ ਕਿ ਉਸ ਨੇ ਪੁਲਿਸ ਨੂੰ ਕੋਈ ਕਾਰਵਾਈ ਨਾ ਕਰਨ ਲਈ ਕਿਹਾ, ਜਦਕਿ ਦਸੂਹਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਅਮਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।