ਨੋਇਡਾ : ਨੋਇਡਾ ਦੇ ਥਾਣਾ ਫੇਜ਼ 2 ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਅੱਜ ਸਵੇਰੇ ਚੈਕਿੰਗ ਦੌਰਾਨ ਮੁਕਾਬਲਾ ਹੋਇਆ। ਇਹ ਅਪਰਾਧੀ ਬੀਤੇ ਦਿਨ ਵੀ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਫਰਾਰ ਹੋ ਗਿਆ ਸੀ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਦਿੱਲੀ ਐਨ.ਸੀ.ਆਰ. ਦੇ ਵੱਖ-ਵੱਖ ਥਾਣਿਆਂ ‘ਚ ਇਸ ‘ਤੇ 10 ਮਾਮਲੇ ਦਰਜ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਫੇਜ਼ 2 ਦੀ ਪੁਲਿਸ ਵੱਲੋਂ ਅੱਜ ਐਲਡੀਕੋ ਚੌਰਾਹੇ ਨੇੜੇ ਚੈਕਿੰਗ ਦੌਰਾਨ ਮੋਟਰਸਾਈਕਲ ਸਵਾਰ ਅਪਰਾਧੀ ਜਤਿੰਦਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਹ ਨਹੀਂ ਰੁਕਿਆ। ਜਿਸ ਤੋਂ ਬਾਅਦ ਜਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਬਾਈਕ ਸਵਾਰ ਵਿਅਕਤੀ ਦਾ ਪਿੱਛਾ ਕੀਤਾ। ਬਾਈਕ ਸਵਾਰ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸਵੇਅ ‘ਤੇ ਸਰਵਿਸ ਰੋਡ ਤੋਂ ਜੇ.ਪੀ ਫਲਾਈਓਵਰ ਵੱਲ ਭੱਜਣ ਲੱਗਾ। ਰਸਤੇ ਵਿੱਚ ਏ.ਟੀ.ਐਸ. ਚੌਰਾਹੇ ’ਤੇ ਤਾਇਨਾਤ ਪੁਲਿਸ ਦੀ ਦੂਜੀ ਟੀਮ ਜੋ ਚੈਕਿੰਗ ਕਰ ਰਹੀ ਸੀ, ਨੇ ਵੀ ਬਾਈਕ ਸਵਾਰ ਬਦਮਾਸ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਇਸ ਤੋਂ ਬਾਅਦ ਬਾਈਕ ਸਵਾਰ ਨੇ ਪੁਲਿਸ ਨੂੰ ਦੇਖ ਕੇ ਬਾਈਕ ਨੂੰ ਪਿੱਛੇ ਵੱਲ ਮੋੜਨਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਬਾਈਕ ਤਿਲਕ ਕੇ ਡਿੱਗ ਗਈ। ਇਸ ਦੌਰਾਨ ਬਾਈਕ ਸਵਾਰ ਨੇ ਪੁਲਿਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਫੋਰਸ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਵਿਚ ਦੋਸ਼ੀ ਜਤਿੰਦਰ (35) ਦੀ ਲੱਤ ਵਿਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ । ਪੁਲਿਸ ਨੇ ਬਦਮਾਸ਼ ਕੋਲੋਂ 1315 ਬੋਰ ਦਾ ਪਿਸਤੌਲ, 1 ਕੱਟਿਆ ਹੋਇਆ ਕਾਰਤੂਸ (315 ਬੋਰ) ਅਤੇ 1 ਜਿੰਦਾ ਕਾਰਤੂਸ (315 ਬੋਰ) ਅਤੇ ਬਿਨਾਂ ਨੰਬਰ ਪਲੇਟ ਤੋਂ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਫੇਜ਼ 2 ਥਾਣੇ ਦੀ ਪੁਲਿਸ ਵੱਲੋਂ ਗਿ੍ਫ਼ਤਾਰ ਕੀਤਾ ਗਿਆ ਮੁਲਜ਼ਮ ਜਤਿੰਦਰ ਬੀਤੇ ਦਿਨ ਬਦਮਾਸ਼ਾਂ ਨਾਲ ਹੋਏ ਪੁਲਿਸ ਮੁਕਾਬਲੇ ‘ਚ ਮੌਕੇ ਤੋਂ ਫ਼ਰਾਰ ਹੋ ਗਿਆ ਸੀ । ਜਿਸ ਵਿੱਚ ਜਤਿੰਦਰ ਲੋੜੀਂਦਾ ਸੀ। ਜਤਿੰਦਰ ਖ਼ਿਲਾਫ਼ ਦਿੱਲੀ ਸਮੇਤ ਵੱਖ-ਵੱਖ ਥਾਣਿਆਂ ‘ਚ 10 ਮਾਮਲੇ ਦਰਜ ਹਨ।