ਰਾਜਸਥਾਨ: ਰਾਜਸਥਾਨ ਦੇ ਫਲੋਦੀ ਜ਼ਿਲ੍ਹੇ ਵਿੱਚ ਬੀਤੇ ਦਿਨੀਂ (ਵੀਰਵਾਰ) ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ 9 ਸਾਲਾ ਬੱਚਾ ਬੋਰਵੈੱਲ ਵਿੱਚ ਡਿੱਗ ਗਿਆ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪੁਲਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਵੱਲੋਂ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।
ਅਧਿਕਾਰੀਆਂ ਮੁਤਾਬਕ, ਇਹ ਘਟਨਾ ਲੋਹਾਵਤ ਖੇਤਰ ਦੇ ਪੂਨਿਓਂ ਕੀ ਢਾਣੀ ਵਿੱਚ ਪਚਾਰਮ ਦੇ ਖੇਤ ਵਿੱਚ ਦੁਪਹਿਰ ਕਰੀਬ 1:30 ਵਜੇ ਵਾਪਰੀ। ਬੱਚੇ ਦੀ ਪਛਾਣ ਭੋਮਾਰਾਮ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਖਰਾਬ ਹੋਏ ਬੋਰਵੈੱਲ ਦੀ ਮੁਰੰਮਤ ਲਈ ਮਸ਼ੀਨ ਮੰਗਵਾਈ ਗਈ ਸੀ ਅਤੇ ਕਰਮਚਾਰੀ ਪਾਈਪਾਂ ਕੱਢਣ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਬੱਚਾ ਅਚਾਨਕ ਬੋਰਵੈੱਲ ਵਿੱਚ ਡਿੱਗ ਗਿਆ।
ਹਾਦਸੇ ਸਮੇਂ ਬੱਚੇ ਦਾ ਪਿਤਾ ਵੀ ਉੱਥੇ ਮੌਜੂਦ ਸੀ। ਘਟਨਾ ਤੋਂ ਬਾਅਦ ਪਰਿਵਾਰ ਵਿੱਚ ਚਿੰਤਾ ਫੈਲ ਗਈ ਅਤੇ ਜਾਣਕਾਰੀ ਮਿਲਦਿਆਂ ਹੀ ਪਿੰਡ ਦੇ ਲੋਕ ਵੀ ਮੌਕੇ ‘ਤੇ ਪਹੁੰਚ ਗਏ। ਇਸ ਤੋਂ ਬਾਅਦ ਪੁਲਸ ਅਤੇ SDRF ਦੀਆਂ ਟੀਮਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਕੈਮਰੇ ਰਾਹੀਂ ਬੱਚੇ ਦੀ ਸਥਿਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼
ਅਧਿਕਾਰੀਆਂ ਨੇ ਬੋਰਵੈੱਲ ਅੰਦਰ ਕੈਮਰਾ ਭੇਜ ਕੇ ਬੱਚੇ ਦੀ ਸਥਿਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ। ਮੁੱਢਲੀ ਜਾਣਕਾਰੀ ਮੁਤਾਬਕ, ਕੈਮਰੇ ਰਾਹੀਂ ਲਗਭਗ 640 ਫੁੱਟ ਦੀ ਡੂੰਘਾਈ ‘ਤੇ ਹਰਕਤ ਦੇਖੀ ਗਈ। ਹਾਲਾਂਕਿ, ਬੋਰਵੈੱਲ ਦੀ ਕੁੱਲ ਡੂੰਘਾਈ ਕਰੀਬ 1,050 ਫੁੱਟ ਦੱਸੀ ਜਾ ਰਹੀ ਹੈ।
ਬਚਾਅ ਟੀਮਾਂ ਵੱਲੋਂ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਫਿਲਹਾਲ ਬੱਚੇ ਦੀ ਸਥਿਤੀ ਬਾਰੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਮੁੱਢਲੀ ਜਾਣਕਾਰੀ ਤੋਂ ਇਲਾਵਾ ਹੋਰ ਪੁਸ਼ਟੀ ਕੀਤੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
