ਇੰਟਰਨੈਸ਼ਨਲ ਡੈਸਕ: ਕੈਨੇਡਾ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਵਿਨੀਪੈਗ ਪੁਲਿਸ ਨੇ ਪੰਜਾਬੀ ਮੂਲ ਦੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਇਨ੍ਹਾਂ ‘ਤੇ ਸੂਬਿਆਂ ਵਿਚਕਾਰ ਨਸ਼ਿਆਂ ਦੀ ਵੱਡੇ ਪੱਧਰ ‘ਤੇ ਤਸਕਰੀ ਕਰਨ ਦੇ ਦੋਸ਼ ਲਗਾਏ ਗਏ ਹਨ। ਇਸ ਕਾਰਵਾਈ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ, ਨਕਦੀ ਅਤੇ ਹਥਿਆਰਾਂ ਦੀ ਬਰਾਮਦਗੀ ਕੀਤੀ ਹੈ।
ਵਿਨੀਪੈਗ ਪੁਲਿਸ ਸਰਵਿਸ (WPS) ਦੇ ਅਨੁਸਾਰ, ਉਨ੍ਹਾਂ ਦੀ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਨੇ ਦਸੰਬਰ 2025 ਵਿੱਚ ਇੱਕ ਨਸ਼ਾ ਤਸਕਰੀ ਨੈੱਟਵਰਕ ਦੀ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਗਰੁੱਪ ਮੈਨੀਟੋਬਾ ਵਿੱਚ ਕੋਕੀਨ, ਮੈਥਾਮਫੇਟਾਮਾਈਨ, ਕੇਟਾਮਾਈਨ ਅਤੇ ਓਪੀਔਡਜ਼ ਦੀ ਤਸਕਰੀ ਕਰ ਰਿਹਾ ਸੀ।
ਪੁਲਿਸ ਮੁਤਾਬਕ ਨਸ਼ਿਆਂ ਦੀਆਂ ਖੇਪਾਂ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਤੋਂ ਮੈਨੀਟੋਬਾ ਭੇਜੀਆਂ ਜਾਂਦੀਆਂ ਸਨ। ਇਨ੍ਹਾਂ ਨੂੰ ਵਿਨੀਪੈਗ ਤੱਕ ਪਹੁੰਚਾਉਣ ਲਈ ਨਿੱਜੀ ਵਾਹਨਾਂ, ਕੋਰੀਅਰ ਸੇਵਾਵਾਂ, ਡਾਕ ਰਾਹੀਂ ਭੇਜੀਆਂ ਜਾਣ ਵਾਲੀਆਂ ਖੇਪਾਂ ਅਤੇ ਵਪਾਰਕ ਉਡਾਣਾਂ ਦੀ ਵਰਤੋਂ ਕੀਤੀ ਜਾਂਦੀ ਸੀ।
ਵਿਨੀਪੈਗ ਪਹੁੰਚਣ ਤੋਂ ਬਾਅਦ ਨਸ਼ਿਆਂ ਨੂੰ ਤੈਅ ਕੀਤੀਆਂ ਥਾਵਾਂ ‘ਤੇ ਇਕੱਠਾ ਕਰਕੇ ਸਟੋਰ ਕੀਤਾ ਜਾਂਦਾ ਸੀ ਅਤੇ ਫਿਰ ਗੁਪਤ ਨੈੱਟਵਰਕਾਂ ਰਾਹੀਂ ਅੱਗੇ ਸਪਲਾਈ ਕੀਤਾ ਜਾਂਦਾ ਸੀ।
ਛਾਪੇਮਾਰੀ ਦੌਰਾਨ ਵੱਡੀ ਮਾਤਰਾ ‘ਚ ਨਸ਼ੇ ਤੇ ਹਥਿਆਰ ਬਰਾਮਦ
26 ਅਗਸਤ 2026 ਨੂੰ ਵਿਨੀਪੈਗ ਪੁਲਿਸ ਦੇ ਜਾਂਚਕਰਤਾਵਾਂ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ, ਪੀਲ ਰੀਜਨਲ ਪੁਲਿਸ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਮਦਦ ਨਾਲ ਵਿਨੀਪੈਗ ਅਤੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਕਈ ਥਾਵਾਂ ‘ਤੇ ਛਾਪੇ ਮਾਰੇ।
ਇਸ ਕਾਰਵਾਈ ਦੌਰਾਨ ਲਗਭਗ 29 ਕਿਲੋ ਮੈਥਾਮਫੇਟਾਮਾਈਨ, 12 ਕਿਲੋ ਕੋਕੀਨ, 3 ਕਿਲੋ ਕੇਟਾਮਾਈਨ ਅਤੇ ਓਪੀਔਡਜ਼ ਸਮੇਤ ਹੋਰ ਨਿਯੰਤਰਿਤ ਪਦਾਰਥਾਂ ਦੀਆਂ 25 ਹਜ਼ਾਰ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ 1 ਲੱਖ 26 ਹਜ਼ਾਰ ਕੈਨੇਡੀਅਨ ਡਾਲਰ ਦੀ ਨਕਦੀ, ਛੇ ਹਥਿਆਰ ਅਤੇ ਗੋਲਾ-ਬਾਰੂਦ ਵੀ ਜ਼ਬਤ ਕੀਤਾ ਗਿਆ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਨਾਂ ਆਏ ਸਾਹਮਣੇ
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰੁਣਦੇਵ ਸਿੰਘ (32), ਉਸ ਦੇ ਪਿਤਾ ਦਵਿੰਦਰ ਸਿੰਘ (57), ਅਮਨਦੀਪ ਸਿੰਘ (47), ਮਨਦੀਪ ਸਿੰਘ ਦੱਤਾ (37), ਕਰਨਵੀਰ ਸਿੰਘ (24), ਮਗਨਪ੍ਰੀਤ ਬੋਪਾਰਾਏ (25), ਤਰਨਵੀਰ ਸੰਧੂ (37), ਕਰਨ ਜੋਸ਼ੀ (34) ਅਤੇ ਮਨਜਿੰਦਰ ਸਿੰਘ ਸੱਗੂ (43) ਵਜੋਂ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਤਰਨਵੀਰ ਸੰਧੂ, ਕਰਨ ਜੋਸ਼ੀ ਅਤੇ ਮਨਜਿੰਦਰ ਸਿੰਘ ਸੱਗੂ ਨੂੰ ਓਨਟਾਰੀਓ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਬਾਕੀ ਛੇ ਵਿਅਕਤੀਆਂ ਨੂੰ ਵਿਨੀਪੈਗ ਤੋਂ ਕਾਬੂ ਕੀਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।
