Home ਦੇਸ਼ ਤਾਰਤਲਾ ਖੇਤਰ ’ਚ ਨਿਰਮਾਣ ਅਧੀਨ ਗੋਦਾਮ ਦੀ ਛੱਤ ਡਿੱਗਣ ਕਾਰਨ 8 ਲੋਕਾਂ...

ਤਾਰਤਲਾ ਖੇਤਰ ’ਚ ਨਿਰਮਾਣ ਅਧੀਨ ਗੋਦਾਮ ਦੀ ਛੱਤ ਡਿੱਗਣ ਕਾਰਨ 8 ਲੋਕਾਂ ਦੀ ਮੌਤ, ਪ੍ਰਧਾਨ ਮੰਤਰੀ ਮੋਦੀ ਨੇ ਮੁਆਵਜ਼ੇ ਦਾ ਕੀਤਾ ਐਲਾਨ

0

ਕੋਲਕਾਤਾ : ਕੋਲਕਾਤਾ ਦੇ ਤਾਰਤਲਾ ਖੇਤਰ ਵਿੱਚ ਵਾਪਰੇ ਦੁਖਦਾਈ ਗੋਦਾਮ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਬੀਤੇ ਦਿਨ ਇੱਕ ਨਿਰਮਾਣ ਅਧੀਨ ਗੋਦਾਮ ਦੀ ਛੱਤ ਡਿੱਗ ਜਾਣ ਨਾਲ ਹੁਣ ਤੱਕ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਕਈ ਹੁਣ ਵੀ ਜ਼ਖਮੀ ਹਨ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ. ਇੰਡੀਆ) ਵੱਲੋਂ ਜਾਰੀ ਬਿਆਨ ਦੇ ਅਨੁਸਾਰ, ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (ਪੀ.ਐਮ.ਐਨ.ਆਰ.ਐਫ.) ਤੋਂ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਮਿਲੇਗੀ। ਇਸ ਦੌਰਾਨ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।

ਮ੍ਰਿਤਕਾਂ ਦੇ ਪ੍ਰਤੀ ਪ੍ਰਗਟ ਕੀਤਾ ਦੁੱਖ

ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸਾਂਝੀ ਕੀਤੀ ਗਈ ਪੋਸਟ ਵਿੱਚ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਰਾਜ ਸਰਕਾਰ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪਹੁੰਚਣ ਦੇ ਲਈ ਅਣਥੱਕ ਮਿਹਨਤ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਪੋਸਟ ਵਿੱਚ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਹਾਦਸੇ ਤੋਂ ਬਾਅਦ, ਪ੍ਰਸ਼ਾਸਨਿਕ ਅਤੇ ਪੁਲਿਸ ਪੱਧਰ ‘ਤੇ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਇਸ ਘਟਨਾ ਨੇ ਪੂਰੇ ਸ਼ਹਿਰ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਉਸਾਰੀ ਪ੍ਰੋਜੈਕਟਾਂ ਦੇ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਦੱਸ ਦਈਏ ਕਿ ਇਹ ਹਾਦਸਾ ਬੀਤੀ ਦੁਪਹਿਰ ਟਰਾਂਸਪੋਰਟ ਡਿਪੂ ਰੋਡ ‘ਤੇ ਨਿਰਮਾਣ ਅਧੀਨ ਤਿੰਨ ਮੰਜ਼ਿਲਾ ਗੋਦਾਮ ਵਿੱਚ ਵਾਪਰਿਆ। ਅਚਾਨਕ  ਛੱਤ ਅਤੇ ਲੋਹੇ ਦਾ ਢਾਂਚਾ ਢਹਿ ਗਿਆ, ਜਿਸ ਨਾਲ ਕਈ ਮਜ਼ਦੂਰ ਮਲਬੇ ਹੇਠ ਦੱਬ ਗਏ। ਕੋਲਕਾਤਾ ਪੁਲਿਸ, ਫਾਇਰ ਐਂਡ ਐਮਰਜੈਂਸੀ ਸਰਵਿਸ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.), ਸਿਵਲ ਡਿਫੈਂਸ ਅਤੇ ਫੌਜ ਦੀਆਂ ਟੀਮਾਂ ਨੇ ਲੋਕਾਂ ਨੂੰ ਬਚਾਉਣ ਲਈ ਰਾਤ ਭਰ ਕੰਮ ਕੀਤਾ। ਭਾਰੀ ਕ੍ਰੇਨ, ਗੈਸ ਕਟਰ, ਡਰੋਨ ਅਤੇ ਸਨਿਫਰ ਕੁੱਤਿਆਂ ਦੀ ਮਦਦ ਨਾਲ ਮਲਬਾ ਹਟਾ ਕੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਹੁਣ ਤੱਕ ਲਗਭਗ 20 ਲੋਕਾਂ ਨੂੰ ਬਚਾਇਆ ਗਿਆ ਹੈ, ਜਦੋਂ ਕਿ ਕਈ ਜ਼ਖਮੀਆਂ ਦਾ ਇਲਾਜ ਐਸ.ਐਸ.ਕੇ.ਐਮ. ਹਸਪਤਾਲ ਵਿੱਚ ਚੱਲ ਰਿਹਾ ਹੈ।

ਹੁਣ ਤੱਕ ਪੁਲਿਸ ਨੇ ਪੰਜ ਲੋਕਾਂ ਨੂੰ ਕੀਤਾ ਗ੍ਰਿਫਤਾਰ

ਇਸ ਹਾਦਸੇ ਤੋਂ ਬਾਅਦ, ਪੁਲਿਸ ਨੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚ ਪ੍ਰੋਜੈਕਟ ਸੁਪਰਵਾਈਜ਼ਰ ਗੁਲਜ਼ਾਰ ਹੁਸੈਨ, ਲੋਹੇ ਦਾ ਢਾਂਚਾ ਤਿਆਰ ਕਰਨ ਵਾਲਾ ਕਮਲ ਸਮੰਥੋ, ਜ਼ਮੀਨ ਲੀਜ਼ਧਾਰਕ ਸੰਭੂਨਾਥ ਬੇਹਰਾ, ਲੇਬਰ ਸਪਲਾਇਰ ਦਿਵਾਕਰ ਭੰਡਾਰੀ ਅਤੇ ਇਮਾਰਤਾਂ ਦੀ ਪ੍ਰਵਾਨਗੀ ਲਈ ਕਥਿਤ ਦਲਾਲ ਅਬਦੁਲ ਹਾਮਿਦ ਸ਼ਾਮਲ ਹਨ। ਕੋਲਕਾਤਾ ਪੁਲਿਸ ਨੇ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾਈ ਹੈ। ਜਾਂਚ ਇਮਾਰਤ ਦੇ ਡਿਜ਼ਾਈਨ, ਨਿਰਮਾਣ ਸਮੱਗਰੀ ਦੀ ਗੁਣਵੱਤਾ ਅਤੇ ਪ੍ਰਵਾਨਗੀ ਪ੍ਰਕਿਰਿਆ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਖਰਾਬ ਢਾਂਚਾਗਤ ਡਿਜ਼ਾਈਨ ਅਤੇ ਕਮਜ਼ੋਰ ਉਸਾਰੀ ਸਮੱਗਰੀ ਨੂੰ ਹਾਦਸੇ ਦੀ ਵੱਡੀ ਵਜ੍ਹਾ ਮੰਨਿਆ ਜਾ ਰਿਹਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version