ਅੰਮ੍ਰਿਤਸਰ: ਪੰਜਾਬ ਵਿੱਚ ਕੈਂਸਰ ਕਾਰਨ ਔਰਤਾਂ ਦੀਆਂ ਮੌਤਾਂ ਦੇ ਅੰਕੜੇ ਚਿੰਤਾ ਵਧਾਉਣ ਵਾਲੇ ਹਨ। ਸਾਲ 2021 ਤੋਂ 2025 ਤੱਕ ਸੂਬੇ ਵਿੱਚ ਕੈਂਸਰ ਕਾਰਨ ਕੁੱਲ 13,299 ਔਰਤਾਂ ਦੀ ਜਾਨ ਗਈ। ਇਨ੍ਹਾਂ ਵਿੱਚੋਂ 7,186 ਮੌਤਾਂ ਛਾਤੀ ਦੇ ਕੈਂਸਰ ਕਾਰਨ ਹੋਈਆਂ। ਸਾਲ 2025 ਦੌਰਾਨ ਹੀ ਇਸ ਬਿਮਾਰੀ ਨਾਲ 1,457 ਔਰਤਾਂ ਦੀ ਮੌਤ ਦਰਜ ਕੀਤੀ ਗਈ।
ਸਿਹਤ ਮਾਹਿਰਾਂ ਲਈ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਕਈ ਔਰਤਾਂ ਛਾਤੀ ਵਿੱਚ ਹੋਣ ਵਾਲੇ ਸ਼ੁਰੂਆਤੀ ਬਦਲਾਅ ਨੂੰ ਗੰਭੀਰਤਾ ਨਾਲ ਨਹੀਂ ਲੈਂਦੀਆਂ। ਗੰਢ ਬਣਨ ਜਾਂ ਚਮੜੀ ਵਿੱਚ ਤਬਦੀਲੀ ਵਰਗੇ ਲੱਛਣਾਂ ਨੂੰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰਨਾ ਕਈ ਵਾਰ ਇਲਾਜ ਵਿੱਚ ਦੇਰੀ ਦਾ ਕਾਰਨ ਬਣ ਸਕਦਾ ਹੈ।
ਇਸੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ 17 ਤੋਂ 23 ਅਕਤੂਬਰ ਤੱਕ ਛਾਤੀ ਦੇ ਕੈਂਸਰ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਰਾਹੀਂ ਔਰਤਾਂ ਨੂੰ ਬਿਮਾਰੀ ਦੇ ਲੱਛਣਾਂ, ਸਮੇਂ ਸਿਰ ਜਾਂਚ ਅਤੇ ਇਲਾਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।
ਛਾਤੀ ’ਚ ਗੰਢ ਜਾਂ ਬਦਲਾਅ ਦਿਖਾਈ ਦੇਣ ’ਤੇ ਨਾ ਕਰੋ ਦੇਰੀ
ਛਾਤੀ ਦੇ ਕੈਂਸਰ ਦੇ ਸੰਭਾਵੀ ਸ਼ੁਰੂਆਤੀ ਲੱਛਣਾਂ ਵਿੱਚ ਨਵੀਂ ਗੰਢ ਬਣਨਾ, ਛਾਤੀ ਦੀ ਚਮੜੀ ਵਿੱਚ ਬਦਲਾਅ, ਆਕਾਰ ਵਿੱਚ ਤਬਦੀਲੀ ਅਤੇ ਨਿੱਪਲ ਦਾ ਅੰਦਰ ਵੱਲ ਮੁੜਨਾ ਸ਼ਾਮਲ ਹੋ ਸਕਦਾ ਹੈ। ਕਈ ਵਾਰ ਸ਼ੁਰੂਆਤੀ ਪੜਾਅ ਵਿੱਚ ਦਰਦ ਵੀ ਮਹਿਸੂਸ ਨਹੀਂ ਹੁੰਦਾ। ਇਸ ਕਰਕੇ ਕੁਝ ਔਰਤਾਂ ਲੱਛਣਾਂ ਨੂੰ ਆਮ ਸਮੱਸਿਆ ਮੰਨ ਕੇ ਡਾਕਟਰ ਕੋਲ ਜਾਣ ਵਿੱਚ ਦੇਰੀ ਕਰ ਦਿੰਦੀਆਂ ਹਨ।
ਮਾਹਿਰਾਂ ਦੀ ਸਲਾਹ ਹੈ ਕਿ ਛਾਤੀ ਵਿੱਚ ਕੋਈ ਨਵੀਂ ਗੰਢ ਜਾਂ ਅਸਧਾਰਨ ਤਬਦੀਲੀ ਮਹਿਸੂਸ ਹੋਣ ’ਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸਮੇਂ ਸਿਰ ਜਾਂਚ ਨਾਲ ਬਿਮਾਰੀ ਦੀ ਪਛਾਣ ਜਲਦੀ ਹੋ ਸਕਦੀ ਹੈ ਅਤੇ ਇਲਾਜ ਸ਼ੁਰੂ ਕਰਨ ਵਿੱਚ ਮਦਦ ਮਿਲਦੀ ਹੈ।
ਅੰਮ੍ਰਿਤਸਰ ਦੇ ਸਟੇਟ ਕੈਂਸਰ ਇੰਸਟੀਚਿਊਟ ’ਚ ਮਿਲ ਰਹੀਆਂ ਆਧੁਨਿਕ ਸਹੂਲਤਾਂ
ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਧੀਨ ਚੱਲ ਰਿਹਾ ਸਟੇਟ ਕੈਂਸਰ ਇੰਸਟੀਚਿਊਟ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇੱਥੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਆਧੁਨਿਕ ਮੈਡੀਕਲ ਸਹੂਲਤਾਂ ਰਾਹੀਂ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਸ ਸੰਸਥਾ ਵਿੱਚ ਸਿਰਫ਼ ਅੰਮ੍ਰਿਤਸਰ ਹੀ ਨਹੀਂ, ਸਗੋਂ ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਸਮੇਤ ਪੰਜਾਬ ਦੇ ਹੋਰ ਜ਼ਿਲ੍ਹਿਆਂ ਤੋਂ ਵੀ ਮਰੀਜ਼ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਤੋਂ ਵੀ ਕੈਂਸਰ ਪੀੜਤ ਇਲਾਜ ਕਰਵਾਉਣ ਆ ਰਹੇ ਹਨ।
ਰੇਡੀਏਸ਼ਨ, ਕੀਮੋਥੈਰੇਪੀ ਅਤੇ ਇਮਿਊਨੋਥੈਰੇਪੀ ਦੀ ਸਹੂਲਤ
ਸਟੇਟ ਕੈਂਸਰ ਇੰਸਟੀਚਿਊਟ ਦੇ ਰੇਡੀਏਸ਼ਨ ਓਨਕੋਲੋਜੀ ਵਿਭਾਗ ਵਿੱਚ ਆਧੁਨਿਕ ਵੈਰੀਅਨ ਡਿਊਲਮ ਲੀਨੀਅਰ ਐਕਸੀਲੇਰੇਟਰ ਮਸ਼ੀਨ ਉਪਲਬਧ ਹੈ। ਵਿਭਾਗ ਦੇ ਪ੍ਰੋਫੈਸਰ ਅਤੇ ਨੋਡਲ ਅਧਿਕਾਰੀ ਡਾ. ਮਨਰਾਜ ਸਿੰਘ ਕੰਗ ਅਨੁਸਾਰ ਇਸ ਮਸ਼ੀਨ ਰਾਹੀਂ ਆਈ.ਐੱਮ.ਆਰ.ਟੀ., ਆਈ.ਜੀ.ਆਰ.ਟੀ. ਅਤੇ ਵੀਮੈਟ ਵਰਗੀਆਂ ਆਧੁਨਿਕ ਤਕਨੀਕਾਂ ਦੀ ਮਦਦ ਨਾਲ ਰੇਡੀਏਸ਼ਨ ਇਲਾਜ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਮਰੀਜ਼ ਦੀ ਬਿਮਾਰੀ ਦੀ ਸਥਿਤੀ ਅਤੇ ਡਾਕਟਰੀ ਲੋੜ ਮੁਤਾਬਕ ਕੀਮੋਥੈਰੇਪੀ, ਇਮਿਊਨੋਥੈਰੇਪੀ ਅਤੇ ਚੋਣਵੇਂ ਮਾਮਲਿਆਂ ਵਿੱਚ ਇੰਟਰਵੈਂਸ਼ਨਲ ਬ੍ਰੈਕੀਥੈਰੇਪੀ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ।
ਡਾ. ਕੰਗ ਮੁਤਾਬਕ ਮਰੀਜ਼ਾਂ ਦੀਆਂ ਜਾਂਚ ਰਿਪੋਰਟਾਂ ਅਤੇ ਬਿਮਾਰੀ ਦੇ ਪੜਾਅ ਨੂੰ ਧਿਆਨ ਵਿੱਚ ਰੱਖਦਿਆਂ ਇਲਾਜ ਦੀ ਯੋਜਨਾ ਤਿਆਰ ਕੀਤੀ ਜਾਂਦੀ ਹੈ। ਇਨ੍ਹਾਂ ਆਧੁਨਿਕ ਤਕਨੀਕਾਂ ਦਾ ਮਕਸਦ ਇਲਾਜ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਨਾਲ-ਨਾਲ ਆਲੇ-ਦੁਆਲੇ ਦੇ ਸਿਹਤਮੰਦ ਅੰਗਾਂ ਨੂੰ ਹੋਣ ਵਾਲੇ ਨੁਕਸਾਨ ਦੇ ਖ਼ਤਰੇ ਨੂੰ ਘਟਾਉਣਾ ਹੈ।
ਜਾਗਰੂਕਤਾ ਅਤੇ ਸਮੇਂ ਸਿਰ ਜਾਂਚ ਹੈ ਬੇਹੱਦ ਜ਼ਰੂਰੀ
ਛਾਤੀ ਦੇ ਕੈਂਸਰ ਨਾਲ ਸਬੰਧਤ ਅੰਕੜੇ ਔਰਤਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੀ ਲੋੜ ਨੂੰ ਦਰਸਾਉਂਦੇ ਹਨ। ਜਾਣਕਾਰੀ ਦੀ ਘਾਟ, ਸਮਾਜਿਕ ਝਿਜਕ ਅਤੇ ਲੱਛਣਾਂ ਨੂੰ ਅਣਡਿੱਠਾ ਕਰਨਾ ਇਲਾਜ ਵਿੱਚ ਦੇਰੀ ਦਾ ਕਾਰਨ ਬਣ ਸਕਦੇ ਹਨ।
ਡਾ. ਮਨਰਾਜ ਸਿੰਘ ਕੰਗ ਨੇ ਵੀ ਬਿਮਾਰੀ ਦੀ ਜਲਦੀ ਪਛਾਣ ਨੂੰ ਇਲਾਜ ਲਈ ਅਹਿਮ ਦੱਸਿਆ ਹੈ। ਉਨ੍ਹਾਂ ਅਨੁਸਾਰ ਛਾਤੀ ਵਿੱਚ ਗੰਢ, ਚਮੜੀ ਵਿੱਚ ਤਬਦੀਲੀ ਜਾਂ ਕਿਸੇ ਹੋਰ ਅਸਧਾਰਨ ਲੱਛਣ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਅਜਿਹੀ ਸਥਿਤੀ ਵਿੱਚ ਡਾਕਟਰੀ ਜਾਂਚ ਕਰਵਾਉਣਾ ਜ਼ਰੂਰੀ ਹੈ। ਜਾਗਰੂਕਤਾ, ਸਮੇਂ ਸਿਰ ਜਾਂਚ ਅਤੇ ਢੁਕਵਾਂ ਇਲਾਜ ਕੈਂਸਰ ਵਿਰੁੱਧ ਲੜਾਈ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
